ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ! ਹੈਲੀਕਾਪਟਰ ਸੇਵਾ ‘ਤੇ ਲੱਗੀ ਰੋਕ

Global Team
2 Min Read

ਨਵੀ ਦਿੱਲੀ : ਸ੍ਰੀ ਅਮਰਨਾਥ ਯਾਤਰਾ 2026 ਨੂੰ ਲੈ ਕੇ ਸ਼ਿਵ ਭਗਤਾਂ ਵਿੱਚ ਭਾਰੀ ਉਤਸ਼ਾਹ ਹੈ। ਸ੍ਰੀ ਅਮਰਨਾਥ ਯਾਤਰਾ 2026, 3 ਜੁਲਾਈ ਤੋਂ 28 ਅਗਸਤ 2026 ਰੱਖੜੀ ਤੱਕ 57 ਦਿਨਾਂ ਲਈ ਚੱਲੇਗੀ। ਜਿਸ ਨੂੰ ਲੈ ਕੇ ਸ਼ਿਵ ਭਗਤ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਤਾਂ ਜੋ ਉਹ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਵਿੱਚ ਜਾ ਸਕਣ ਅਤੇ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਸਕਣ।

ਦੱਸ ਦਈਏ ਕਿ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਸਾਲ ਹੈਲੀਕਾਪਟਰ ਸੇਵਾ ਦੀ ਸਹੂਲਤ ਨਹੀਂ ਮਿਲੇਗੀ। ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਯਾਤਰਾ ਰੂਟਾਂ ਨੂੰ ‘ਨੋ-ਫਲਾਈਂਗ ਜ਼ੋਨ’ ਐਲਾਨੇ ਜਾਣ ਤੋਂ ਬਾਅਦ ਸ੍ਰੀ ਅਮਰਨਾਥਜੀ ਸ਼੍ਰਾਈਨ ਬੋਰਡ ਨੇ ਹੈਲੀਕਾਪਟਰ ਸੇਵਾਵਾਂ ਨੂੰ ਫਿਲਹਾਲ ਬੰਦ ਕਰਨ ਦਾ ਫੈਸਲਾ ਲਿਆ ਹੈ।

ਅਧਿਕਾਰੀਆਂ ਮੁਤਾਬਕ, ਅਮਰਨਾਥ ਗੁਫ਼ਾ ਤੱਕ ਜਾਣ ਵਾਲੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ‘ਤੇ ਹੈਲੀਕਾਪਟਰ ਨਹੀਂ ਚੱਲਣਗੇ। ਸ਼ਰਧਾਲੂਆਂ ਨੂੰ ਯਾਤਰਾ ਲਈ ਪੈਦਲ ਰਸਤੇ, ਘੋੜੇ, ਪਾਲਕੀ ਜਾਂ ਪਿੱਠੂ ਸੇਵਾਵਾਂ ਦਾ ਸਹਾਰਾ ਲੈਣਾ ਪਵੇਗਾ।

ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਯਾਤਰਾ ਦੌਰਾਨ ਹਰ ਤਰ੍ਹਾਂ ਦੇ ਉਡਾਣ ਪਲੇਟਫਾਰਮਾਂ, ਜਿਨ੍ਹਾਂ ਵਿੱਚ ਹੈਲੀਕਾਪਟਰ, ਡਰੋਨ, ਯੂਏਵੀ ਅਤੇ ਗੁਬਾਰੇ ਸ਼ਾਮਲ ਹਨ, ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੁਰੱਖਿਆ ਏਜੰਸੀਆਂ ਦੀ ਸਲਾਹ ‘ਤੇ ਲਿਆ ਗਿਆ ਹੈ।

ਹਾਲਾਂਕਿ ਇਸ ਫੈਸਲੇ ਨਾਲ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ, ਖਾਸ ਕਰਕੇ ਬਜ਼ੁਰਗਾਂ, ਦਿਵਿਆਂਗਾਂ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਇਸ ਨਾਲ ਪਰੇਸ਼ਾਨੀ ਹੋ ਸਕਦੀ ਹੈ। ਕਿਉਕਿ ਅਮਰਨਾਥ ਯਾਤਰਾ ਦੇਸ਼ ਦੀਆਂ ਪ੍ਰਮੁੱਖ ਧਾਰਮਿਕ ਯਾਤਰਾਵਾਂ ਵਿੱਚ ਗਿਣੀ ਜਾਂਦੀ ਹੈ ਅਤੇ ਹਰ ਸਾਲ ਲੱਖਾਂ ਸ਼ਰਧਾਲੂ ਦੱਖਣੀ ਕਸ਼ਮੀਰ ਵਿੱਚ ਸਥਿਤ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਯਾਤਰਾ ਲਈ ਮੁੱਖ ਤੌਰ ‘ਤੇ ਪਹਿਲਗਾਮ ਅਤੇ ਬਾਲਟਾਲ ਰੂਟ ਦੀ ਵਰਤੋਂ ਕੀਤੀ ਜਾਂਦੀ ਹੈ।

ਪਿਛਲੇ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਹੈਲੀਕਾਪਟਰ ਸੇਵਾ ਦੀ ਵਰਤੋਂ ਕਰਦੇ ਰਹੇ ਹਨ। ਇਸ ਨਾਲ ਯਾਤਰਾ ਦਾ ਸਮਾਂ ਘੱਟ ਲੱਗਦਾ ਸੀ ਅਤੇ ਸਰੀਰਕ ਮਿਹਨਤ ਵੀ ਘੱਟ ਕਰਨੀ ਪੈਂਦੀ ਸੀ। ਬਜ਼ੁਰਗਾਂ ਅਤੇ ਬਿਮਾਰ ਯਾਤਰੀਆਂ ਲਈ ਇਹ ਸਹੂਲਤ ਕਾਫੀ ਮਦਦਗਾਰ ਮੰਨੀ ਜਾਂਦੀ ਸੀ। ਇਸ ਵਾਰ ਸੁਰੱਖਿਆ ਕਾਰਨਾਂ ਕਰਕੇ ਹੈਲੀਕਾਪਟਰ ਸੇਵਾ ਦੀ ਸਹੂਲਤ ਉਪਲਬਧ ਨਹੀਂ ਹੋਵੇਗੀ, ਜਿਸ ਕਾਰਨ ਯਾਤਰੀਆਂ ਨੂੰ ਰਵਾਇਤੀ ਤਰੀਕੇ ਨਾਲ ਯਾਤਰਾ ਪੂਰੀ ਕਰਨੀ ਪਵੇਗੀ।

Share This Article
Leave a Comment