ਲਓ ਬਈ ਅਮਨ ਅਰੋੜਾ ਵੀ ਬੀਰ ਖਿਲਾਫ ਖੁੱਲ੍ਹ ਕੇ ਆ ਗਿਆ ਮੈਦਾਨ ਵਿੱਚ, ਭਗਵੰਤ ਮਾਨ ਨੂੰ ਲਿਖਤੀ ਚਿੱਠੀ, ਕਿਹਾ ਬੀਰ ਖਿਲਾਫ ਕਾਰਾਵਾਈ ਕਰੋ, ਸਿਸੋਦੀਆ ਦੀ ਆੜ ‘ਚ ਕਰ ਰਿਹੈ ਬਦਨਾਮੀ

TeamGlobalPunjab
3 Min Read

[alg_back_button]

 ਚੰਡੀਗੜ੍ਹ : ਸਾਬਕਾ ਆਈਏਐਸ ਅਧਿਕਾਰੀ ਜਸਬੀਰ ਸਿੰਘ ਬੀਰ ਅਤੇ ਅਮਨ ਅਰੋੜਾ ਵਿਚਕਾਰ ਚੱਲ ਰਿਹਾ ਆਪਸੀ ਵਿਵਾਦ ਹੁਣ ਆਪਣੀ ਚਰਮਸੀਮਾਂ ‘ਤੇ ਪਹੁੰਚ ਗਿਆ ਹੈ। ਇੱਕ ਪਾਸੇ ਜਿੱਥੇ ਬੀਤੀ ਕੱਲ੍ਹ ਜਸਬੀਰ ਸਿੰਘ ਬੀਰ ਨੇ ਅਨੁਸਾਸ਼ਨੀ ਕਮੇਟੀ ਦੀ ਸੱਦੀ ਗਈ ਮੀਟਿੰਗ ਵਿੱਚ ਕਿਸੇ ਹੋਰ ਸਾਥੀ ਦੇ ਨਾ ਪਹੁੰਚਣ ਦੇ ਬਾਵਜੂਦ ਇਕੱਲਿਆਂ ਹੀ ਬਿਆਨ ਜਾਰੀ ਕਰਦਿਆਂ ਅਮਨ ਅਰੋੜਾ ਨੂੰ ਤਾੜਨਾ ਕਰ ਦਿੱਤੀ ਸੀ ਉੱਥੇ ਹੁਣ ਅਮਨ ਅਰੋੜਾ ਨੇ ਵੀ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਬੀਰ ਵੱਲੋਂ ਉਨ੍ਹਾਂ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕਿਆ ਜਾਵੇ। ਅਰੋੜਾ ਨੇ ਇਸ ਚਿੱਠੀ ‘ਚ ਕਿਹਾ ਹੈ ਕਿ ਜਸਬੀਰ ਸਿੰਘ ਬੀਰ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ ਉਨ੍ਹਾਂ ਵਿਰੁੱਧ ਬਿਆਨਬਾਜੀ ਕਰ ਰਹੇ ਹਨ। ਅਰੋੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਲਈ ਇਮਾਨਦਾਰੀ ਤੇ ਸਮਰਥਨ ਭਾਵਨਾ ਨਾਲ ਕੰਮ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਖਿਲਾਫ ਝੂਠੀਆਂ ਅਤੇ ਬੇਬੁਨੀਆਦ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਜਿਸ ਦਾ ਕਿ ਉਨ੍ਹਾਂ ਨੂੰ ਬੇਹੱਦ ਦੁੱਖ ਅਤੇ ਅਫਸੋਸ ਹੈ। ਅਰੋੜਾ ਦੀ ਇਸ ਚਿੱਠੀ ਨੇ ਰਾਜਨੀਤਕ ਹਲਕਿਆਂ ਵਿੱਚ ਵੱਡੀ ਹਲਚਲ ਪੈਦਾ ਕੀਤੀ ਹੈ। ਇੰਝ ਕੁੱਲ ਮਿਲਾ ਕੇ ਹਾਲਾਤ ਇਸ ਤਰ੍ਹਾਂ ਦੇ ਬਣ ਚੁਕੇ ਹਨ ਜਿਨ੍ਹਾਂ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਵਿੱਚੋਂ ਇੱਕ ਹੋਰ ਆਗੂ ‘ਤੇ ਕਾਰਵਾਈ ਦੇ ਬੱਦਲ ਮੰਡਰਾਉਣ ਲੱਗ ਪਏ ਹਨ।

ਭਗਵੰਤ ਮਾਨ ਨੂੰ ਲਿਖੀ ਗਈ ਚਿੱਠੀ ਵਿੱਚ ਅਮਨ ਅਰੋੜਾ ਨੇ ਕਿਹਾ ਹੈ ਕਿ ਇੱਕ ਪਾਸੇ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਪੱਤਰਕਾਰ ਸੰਮਲੇਨ ਕਰ ਮਜੀਠੀਆ ਵੱਲੋਂ ਪਾਰਟੀ ‘ਤੇ ਸੱਤਾਧਾਰੀ ਕਾਂਗਰਸ ਨਾਲ ਦੋਸਤੀ ਹੋਣ ਦੇ ਝੂਠੇ ਇਲਜ਼ਾਮਾਂ ਦਾ ਜਵਾਬ ਦੇ ਰਹੇ ਸਨ ਦੂਜੇ ਪਾਸੇ ਉਨ੍ਹਾਂ (ਅਮਨ) ਖਿਲਾਫ ਜਸਬੀਰ ਸਿੰਘ ਬੀਰ ਨੇ ਮਨੀਸ਼ ਸਸੋਦੀਆ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਦਾ ਅਨੁਸਾਸ਼ਨ ਭੰਗ ਕਰਨ ਦੇ ਇਲਜ਼ਾਮਾਂ ਹੇਠ ਤਾੜਨਾ ਕੀਤੇ ਜਾਣ ਦਾ ਬਿਆਨ ਦੇ ਦਿੱਤਾ।

ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਿਛਲੇ ਢਾਈ ਮਹੀਨੇ ਤੋਂ ਮਨੀਸ਼ ਸਿਸੋਦੀਆ ਨਾਲ ਨਾ ਤਾਂ ਕੋਈ ਗੱਲਬਾਤ ਹੋਈ ਹੈ ਤੇ ਨਾ ਹੀ ਮੁਲਾਕਾਤ। ਅਰੋੜਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਹੈ ਤੇ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਖਿਲਾਫ ਝੂਠੀਆਂ ਤੇ ਬੇਬੁਨੀਆਦ ਖਬਰਾਂ ਪੜ੍ਹਣ ਸੁਣਨ ਨੂੰ ਮਿਲ ਰਹੀਆਂ ਹਨ ਜੋ ਕਿ ਮਨ ਨੂੰ ਠੇਸ ਪਹੁੰਚਾਉਂਦੀਆਂ ਹਨ। ਅਰੋੜਾ ਦਾ ਦਾਅਵਾ ਹੈ ਕਿ ਮਨੀਸ਼ ਸਿਸੋਦੀਆ ਦਾ ਨਾਮ ਵਰਤ ਕੇ ਉਨ੍ਹਾਂ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦਾ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜਰੂਰੀ ਕਦਮ ਚੁੱਕੇ ਜਾਣ।

[alg_back_button]

Share this Article
Leave a comment