ਪੁਲਿਸ ਅਫ਼ਸਰਾਂ ਦੀ ਗੱਡੀ ਨੂੰ ਟੱਕਰ ਮਾਰਨ ਤੇ ਚੋਰੀ ਦੇ ਮਾਮਲੇ ‘ਚ 2 ਪੰਜਾਬੀ ਗ੍ਰਿਫਤਾਰ

Prabhjot Kaur
2 Min Read

ਓਰੀਲੀਆ: ਓਨਟਾਰੀਓ ਦੇ ਓਰੀਲੀਆ ਇਲਾਕੇ ਦੀ ਇੱਕ ਦੁਕਾਨ ‘ਚੋਂ ਚੋਰੀ ਕਰ ਕੇ ਫਰਾਰ ਹੁੰਦਿਆਂ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਦੋ ਪੰਜਾਬੀ ਨੌਜਵਾਨਾਂ ਖਿਲਾਫ ਦੋਸ਼ ਆਇਦ ਕੀਤੇ ਗਏ ਹਨ। ਪੰਜਾਬੀਆਂ ਦੀ ਪਛਾਣ ਬਰੈਂਪਟਨ ਦੇ 24 ਸਾਲਾ ਜਸਗੀਨ ਸਿੰਘ ਅਤੇ ਨੌਰਥ ਯਾਰਕ ਦੇ 24 ਸਾਲਾ ਮਨਵੀਰ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ 26 ਜਨਵਰੀ ਨੂੰ ਸ਼ਾਮ ਲਗਭਗ 5:45 ਵਜੇ ਵਾਪਰੀ ਵਾਰਦਾਤ ਦੌਰਾਨ ਓਰੀਲੀਆ ਦੇ ਮੋਨਾਰਕ ਡਰਾਈਵ ਇਲਾਕੇ ਦੀ ਇੱਕ ਦੁਕਾਨ ਵਿੱਚ ਚੋਰੀ ਦੀ ਇਤਲਾਹ ਮਿਲੀ ਸੀ। ਦੁਕਾਨ ‘ਚ ਕੰਮ ਕਰਦੇ ਮੁਲਾਜ਼ਮਾਂ ਦੀ ਮਦਦ ਨਾਲ ਪੁਲਿਸ ਨੇ ਦੋ ਨੌਜਵਾਨਾਂ ਦੀ ਪਛਾਣ ਕਰ ਲਈ ਸੀ।

ਪੁਲਿਸ ਅਫ਼ਸਰਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਪੁਲਿਸ ਦੀ ਗੱਡੀ ਵਿਚ ਟੱਕਰ ਮਾਰ ਦਿੱਤੀ। ਟੱਕਰ ਕਾਰਨ ਦੋਵੇਂ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਬਾਅਦ ‘ਚ ਜਾਂਚ ਦੌਰਾਨ ਪਤਾ ਲੱਗਿਆ ਕਿ ਸ਼ੱਕੀਆਂ ਵੱਲੋਂ ਵਰਤੀ ਜਾ ਰਹੀ ਗੱਡੀ ਚੋਰੀ ਦੀ ਸੀ ਅਤੇ ਉਸ ‘ਤੇ ਲੱਗੀਆਂ ਲਾਇਸੰਸ ਪਲੇਟਾਂ ਵੀ ਕਿਸੇ ਹੋਰ ਦੀਆਂ ਸਨ। ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਬਰੈਂਪਟਨ ਦੇ 24 ਸਾਲਾ ਜਸਗੀਨ ਸਿੰਘ ਵਿਰੁੱਧ ਪੀਸ ਅਫ਼ਸਰ ‘ਤੇ ਹਥਿਆਰ ਨਾਲ ਹਮਲਾ ਕਰਨ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੋਪਰਟੀ ਰੱਖਣ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਪ੍ਰੋਪਰਟੀ ਰੱਖਣ, ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ, 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਕਰਨ ਅਤੇ ਰਿਹਾਈ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਆਇਦ ਕੀਤੇ ਗਏ।

ਦੂਜੇ ਪਾਸੇ ਨੌਰਥ ਯਾਰਕ ਦੇ 24 ਸਾਲਾ ਮਨਵੀਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। ਦੋਹਾਂ ਨੂੰ ਗ੍ਰਿਫ਼ਤਾਰ ਕਰਦਿਆਂ ਓਨਟਾਰੀਓ ਕੋਰਟ ਆਫ਼ ਜਸਟਿਸ ‘ਚ ਪੇਸ਼ ਕੀਤਾ ਗਿਆ।

Share this Article
Leave a comment