ਗੁਰਨਾਮ ਚੜੂਨੀ ‘ਤੇ ਕਾਂਗਰਸ ਨਾਲ ਡੀਲ ਕਰਨ ਸਣੇ ਲੱਗੇ ਵੱਡੇ ਇਲਜ਼ਾਮ

TeamGlobalPunjab
2 Min Read

ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਦੌਰਾਨ ਪਹਿਲੀ ਵਾਰ ਸੰਯੁਕਤ ਮੋਰਚੇ ਦੀ ਬੈਠਕ ਵਿੱਚ ਕਿਸਾਨਾਂ ਦੇ ਅੰਦਰ ਫੁੱਟ ਪੈਂਦੀ ਨਜ਼ਰ ਦਿਖਾਈ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਚੜੂਨੀ ‘ਤੇ ਅੰਦੋਲਨ ਨੂੰ ਸਿਆਸੀ ਰੰਗਤ ਦੇਣ, ਸੰਘਰਸ਼ ਵਿੱਚ ਕਾਂਗਰਸ ਸਣੇ ਹੋਰ ਲੀਡਰਾਂ ਨੂੰ ਬੁਲਾਉਣ ਅਤੇ ਕਾਂਗਰਸੀ ਲੀਡਰ ਤੋਂ ਅੰਦੋਲਨ ਦੇ ਨਾਮ ਤੇ 10 ਕਰੋੜ ਰੁਪਏ ਲੈਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਤੋਂ ਇਲਾਵਾ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਕਾਂਗਰਸੀ ਟਿਕਟ ਦੇ ਬਦਲੇ ਹਰਿਆਣਾ ਦੀ ਖੱਟਰ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਵੀ ਡੀਲ ਹੋ ਰਹੀ ਹੈ। ਹਾਲਾਂਕਿ ਗੁਰਨਾਮ ਚੜੂਨੀ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਵੀ ਬੀਜੇਪੀ ਲੀਡਰਾਂ ਦਾ ਗੁਰਨਾਮ ਸਿੰਘ ਚੜੂਨੀ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਵਿਰੋਧ ਕੀਤਾ ਜਾ ਰਿਹਾ ਹੈ। ਕਰਨਾਲ ਦੇ ਪਿੰਡ ਕੈਮਲਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਕ ਰੈਲੀ ਕੀਤੀ ਜਾਣੀ ਸੀ ਜਿਸ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਸੀ। ਰੈਲੀ ਵਾਲੀ ਥਾਂ ਤੇ ਕਿਸਾਨਾਂ ਵੱਲੋਂ ਖੂਬ ਭੰਨ ਤੋੜ ਕੀਤੀ ਗਈ ਸੀ ਪੰਡਾਲ ਨੂੰ ਵੀ ਉਖਾੜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਿਸਾਨ ਲੀਡਰ ਗੁਰਨਾਮ ਚੜੂਨੀ ਸਮੇਤ 900 ਲੋਕਾਂ ਦੇ ਖਿਲਾਫ਼ ਹਰਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।

ਇਸ ਤੋਂ ਪਹਿਲਾਂ ਗੁਰਨਾਮ ਚੜੂਨੀ ਵੱਲੋਂ ਕਾਂਗਰਸੀ ਸੰਸਦ ਮੈਂਬਰਾਂ ਅਤੇ ਪੰਜਾਬ ‘ਚ ਸੁਖਦੇਵ ਸਿੰਘ ਢੀਂਡਸਾ ਗਰੁੱਪ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੇ ਜਾਣ ਤੋਂ ਬਾਅਦ ਕਿਸਾਨ ਸੰਯੁਕਤ ਮੋਰਚਾ ਨੇ ਸਖ਼ਤੀ ਦਿਖਾਈ ਹੈ। ਇਸ ਮਾਮਲੇ ਦੀ ਜਾਂਚ ਦੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਦੋ ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਕਿਸਾਨ ਸੰਯੁਕਤ ਮੋਰਚਾ ਨੂੰ ਸੌਂਪੇਗਾ। ਉਸ ਤੋਂ ਬਾਅਦ ਹੀ ਗੁਰਨਾਮ ਚੜੂਨੀ ‘ਤੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।

Share this Article
Leave a comment