ਮੁਰਾਦਾਬਾਦ (ਯੂ.ਪੀ.) : UP ਪੁਲਿਸ ਕਤਲ ਦੇ ਗੰਭੀਰ ਦੋਸ਼ਾਂ ਚ ਘਿਰਦੀ ਨਜਰ ਆ ਰਹੀ ਹੈ। ਦਰਅਸਲ ਉਤਰਾਖੰਡ ਦੇ ਜਸਪੁਰ ‘ਚ ਉੱਤਰ ਪ੍ਰਦੇਸ਼ ਪੁਲਿਸ ਦਾ ਮਾਈਨਿੰਗ ਮਾਫੀਆ ਨਾਲ ਮੁਕਾਬਲਾ ਹੋ ਗਿਆ। ਜਿਸ ‘ਚ ਭਾਜਪਾ ਨੇਤਾ ਦੀ ਪਤਨੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਸਬੰਧੀ ਉੱਤਰਾਖੰਡ ‘ਚ ਯੂਪੀ ਪੁਲਿਸ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ 28 ਸਾਲਾ ਗੁਰਪ੍ਰੀਤ ਕੌਰ ਜਸਪੁਰ ਬਲਾਕ ਪ੍ਰਧਾਨ ਗੁਰਤਾਜ ਸਿੰਘ ਦੀ ਪਤਨੀ ਸੀ। ਘਟਨਾ ਤੋਂ ਬਾਅਦ ਪੂਰੇ ਜਸਪੁਰ ‘ਚ ਸੋਗ ਦੀ ਲਹਿਰ ਹੈ। ਰਿਪੋਰਟ ਮੁਤਾਬਿਕ ਗੁਰਤਾਜ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਬਿਨਾਂ ਨੰਬਰ ਪਲੇਟ ਤੋਂ ਸਾਦੀ ਵਰਦੀ ਵਿੱਚ ਆਏ ਅਤੇ ਕਿਸੇ ਅਪਰਾਧੀ ਨੂੰ ਫੜਨ ਦੇ ਨਾਂ ’ਤੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ।
ਗੁਰਤਾਜ ਸਿੰਘ ਮੁਤਾਬਿਕ ਜਦੋਂ ਉਸਦੀ ਪਤਨੀ ਬਾਹਰ ਆ ਕੇ ਗੱਲ ਕਰਨ ਲੱਗੀ ਤਾਂ ਯੂਪੀ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਉਸਦੀ ਮੌਤ ਹੋ ਗਈ। ਗੁਰਤਾਜ ਦਾ ਇਹ ਵੀ ਦਾਅਵਾ ਹੈ ਕਿ ਨਾ ਤਾਂ ਉਸ ਦੇ ਪਾਸਿਓਂ ਗੋਲੀ ਚਲਾਈ ਗਈ ਅਤੇ ਨਾ ਹੀ ਕਿਸੇ ਪੁਲਿਸ ਵਾਲੇ ਦੀ ਕੁੱਟਮਾਰ ਕੀਤੀ ਗਈ। ਗੋਲੀਬਾਰੀ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗੋਲੀਬਾਰੀ ਦੀ ਆਵਾਜ਼ ਆ ਰਹੀ ਹੈ। ਇਸ ਵੀਡੀਓ ਵਿੱਚ ਸਿਵਲ ਕੱਪੜਿਆਂ ਚ ਦਿਖਾਈ ਦੇ ਰਹੇ ਵਿਅਕਤੀ ਯੂਪੀ ਪੁਲਿਸ ਦੇ ਅਧਿਕਾਰੀ ਦੱਸੇ ਜਾ ਰਹੇ ਹਨ। ਜਾਂਦੇ ਸਮੇਂ ਵਿਅਕਤੀਆਂ ਨੇ ਹਵਾਈ ਫਾਇਰਿੰਗ ਕੀਤੀ। ਗੁਰਤਾਜ ਨੇ ਦੱਸਿਆ ਕਿ ਜਿਸ ਹਥਿਆਰ ਨਾਲ ਮੇਰੀ ਪਤਨੀ ਦੀ ਮੌਤ ਹੋਈ ਹੈ, ਉਸ ਦਾ ਖੋਲ ਇੱਥੇ ਮਿਲਿਆ ਹੈ।
ਉਧਰ ਦੂਜੇ ਪਾਸੇ ਮੁਰਾਦਾਬਾਦ ਦੇ ਐਸਐਸਪੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਇੱਕ ਅਪਰਾਧੀ ਦਾ ਪਿੱਛਾ ਕਰ ਰਹੀ ਸੀ। ਅਪਰਾਧੀ ਉੱਤਰਾਖੰਡ ਦੇ ਜਸਪੁਰ ਵਿੱਚ ਇੱਕ ਘਰ ਵਿੱਚ ਛੁਪ ਗਿਆ ਸੀ। ਸਰਹੱਦੀ ਇਲਾਕਾ ਹੈ, ਸਾਡੀ ਟੀਮ ਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਉਤਰਾਖੰਡ ਪਹੁੰਚ ਗਈ ਹੈ। ਉਥੇ ਅਪਰਾਧੀ ਜਾਫਰ ਨੂੰ ਜਸਪੁਰ ਦੇ ਇਕ ਘਰ ਵਿਚ ਪਨਾਹ ਦਿੱਤੀ ਗਈ ਸੀ। ਜਦੋਂ ਸਾਡੀ ਟੀਮ ਉੱਥੇ ਪਹੁੰਚੀ ਤਾਂ ਉਨ੍ਹਾਂ ‘ਤੇ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਉਨ੍ਹਾਂ ਦੇ ਹਥਿਆਰ ਖੋਹ ਲਏ ਗਏ। ਇਸ ‘ਚ ਸਾਡੇ 6 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਲੱਗੀ ਹੈ।
ਦੱਸ ਦੇਈਏ ਕਿ ਮੁਰਾਦਾਬਾਦ ਪੁਲਿਸ ਮਾਈਨਿੰਗ ਮਾਫੀਆ ਜ਼ਫਰ ਦਾ ਪਿੱਛਾ ਕਰ ਰਹੀ ਸੀ, ਜਿਸ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਮਾਈਨਿੰਗ ਮਾਫੀਆ ਦਾ ਪਿੱਛਾ ਕਰਦੇ ਹੋਏ ਜ਼ਫਰ ਉਤਰਾਖੰਡ ਬਾਰਡਰ ਪਾਰ ਕਰਕੇ ਜਸਪੁਰ ‘ਚ ਦਾਖਲ ਹੋ ਗਿਆ। ਜ਼ਫਰ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।