ਘਿਰ ਗਈ ਕੈਪਟਨ ਸਰਕਾਰ, ‘ਆਪ’ ਦੇ ਸਾਰੇ ਵਿਧਾਇਕ ਹੋ ਗਏ ਮੁੱਖ ਮੰਤਰੀ ਦੇ ਦੁਆਲੇ, ਖੋਲ੍ਹ ‘ਤੇ ਅਜਿਹੇ ਰਾਜ਼ ਕਿ ਸਿੱਖ ਜਥੇਬੰਦੀਆਂ ਬਾਗੋ-ਬਾਗ

TeamGlobalPunjab
3 Min Read

ਚੰਡੀਗੜ੍ਹ : ਜਿਸ ਦਿਨ ਤੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਅਦਾਲਤ ਚ ਕਲੋਜ਼ਰ ਰਿਪੋਰਟ ਦਾਇਰ ਕਰਕੇ ਕੇਸ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਉਸੇ ਦਿਨ ਤੋਂ ਹੀ ਲਗਾਤਾਰ ਇਸ ਦਾ ਲਗਾਤਾਰ ਵਿਰੋਧ ਤਾਂ ਕੀਤਾ ਹੀ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਨਿਸ਼ਾਨੇ ਤੇ ਲੈ ਰਹੇ ਹਨ। ਇਸ ਸਿਲਸਿਲੇ ਤਹਿਤ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਤਾਂ ਇਸ ਜਾਂਚ ਨੂੰ ਧ੍ਰੋਹ ਕਰਾਰ ਦਿੰਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਇਨਸਾਫ ਦੀ ਉਮੀਦ ਛੱਡ ਦਿੱਤੀ ਹੈ। ‘ਆਪ’ ਆਗੂਆਂ ਦਾ ਦੋਸ਼ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਇਸ ਮਾਮਲੇ ਨੂੰ ਜਾਣ ਬੁੱਝ ਕੇ ਲਟਕਾ ਰਹੀਆਂ ਹਨ। ਆਪ ਦੇ 9 ਵਿਧਾਇਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਇੱਕ ਪਾਸੇ ਇਨ੍ਹਾਂ ਕੇਸਾਂ ਦੀ ਜਾਂਚ ਲਈ ਸਮਾਂ ਨਿਰਧਾਰਿਤ ਕੀਤਾ ਜਾਵੇ ਉੱਥੇ ਜਿਹੜੇ ਅਧਿਕਾਰੀ ਇਸ ਜਾਂਚ ਵਿੱਚ ਅੜਿੱਕਾ ਅੜਾ ਰਹੇ ਹਨ ਉਨ੍ਹਾਂ ਨੂੰ ਜਾਂਚ  ਤੋਂ ਲਾਂਭੇ ਕੀਤਾ ਜਾਵੇ।

ਜਿਹੜੇ 9 ਵਿਧਾਇਕ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਿੱਤਰੇ ਹਨ ਉਨ੍ਹਾਂ ‘ਚੋਂ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ, ਸਰਬਜੀਤ ਕੌਰ ਮਾਣੂੰਕੇ, ਪ੍ਰਿਸੀਪਲ ਬੁੱਧਰਾਮ, ਕੁਲਤਾਰ ਸਿੰਘ ਸੰਧਵਾਂ, ਪ੍ਰੋ: ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਤੇ ਕੁਲਵੰਤ ਸਿੰਘ ਪੰਡੋਰੀ ਨੇ ਇੱਕ ਸੁਰ ਵਿੱਚ ਦੋਸ਼ ਲਾਇਆ ਕਿ ਬੇਅਦਬੀ ਮਾਮਲਿਆਂ ਦੇ ਤਿੰਨੋਂ ਕੇਸਾਂ ਦੀ ਜਾਂਚ ਕਰ ਰਹੀਆਂ ਤਿੰਨੋਂ ਜਾਂਚ ਏਜੰਸੀਆਂ ਕੇਸ ਦੇ ਮੁੱਖ ਦੋਸੀਆਂ ਨੂੰ ਬਚਾਉਣ ‘ਚ ਲੱਗੀਆਂ ਹੋਈਆਂ ਹਨ ਅਤੇ ਜਦੋਂ ਵੀ ਜਾਂਚ ਬਾਦਲ ਪਰਿਵਾਰ ਵੱਲ ਵਧਦੀ ਹੈ ਤਾਂ ਇਹ ਏਜੰਸੀਆਂ ਜਾਣ ਬੁੱਝ ਕੇ ਉਸ ਜਾਂਚ ਨੂੰ ਉਲਝਾ ਦਿੰਦੀਆਂ ਹਨ ਜਦਕਿ ਬਾਦਲ ਪਰਿਵਾਰ ਸਿੱਧੇ ਹੀ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਅਧਿਕਾਰੀਆਂ ਦੀ ਆਪਸੀ ਲੜਾਈ ਇਸ ਦੀ ਇੱਕ ਜਿਉਂਦੀ ਜਾਗਦੀ ਉਦਾਹਰਨ ਹੈ।

ਇੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾਂ ਨੇ ਮੰਗ ਕੀਤੀ ਕਿ ਜਿਹੜੇ ਅਧਿਕਾਰੀ ਸਿੱਟ ਦੀ ਜਾਂਚ ਵਿੱਚ ਟੰਗਾਂ ਅੜਾ ਰਹੇ ਹਨ ਉਨ੍ਹਾਂ ਨੂੰ ਲਾਂਭੇ ਕਰਦਿਆਂ ਇਸ ਜਾਂਚ ਦਾ ਸਮਾਂ ਤੈਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਸਾਬਤ ਹੋ ਜਾਵੇਗਾ ਕਿ ਮੁੱਖ ਮੰਤਰੀ ਬਾਦਲਾਂ ਨੂੰ ਬਚਾਉਣ ਲਈ ਸਿੱਟ ਦਾ ਗਲਤ ਇਸਤਿਮਾਲ ਕਰ ਰਹੇ ਹਨ।

Share this Article
Leave a comment