ਸਾਰੀਆਂ ਕਿਸਾਨ ਹਮਾਇਤੀ ਤਾਕਤਾਂ ਅਕਾਲੀ ਦਲ ਦੇ ਝੰਡੇ ਥੱਲੇ ਹੋ ਰਹੀਆਂ ਹਨ ਇਕੱਠੀਆਂ: ਸੁਖਬੀਰ ਬਾਦਲ

TeamGlobalPunjab
3 Min Read

ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਾਰੀਆਂ ਕਿਸਾਨ ਪੱਖੀ ਤਾਕਤਾਂ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੀਆਂ ਹੋ ਰਹੀਆਂ ਹਨ ਅਤੇ ਇਹੀ ਗੱਲ ਕਾਂਗਰਸ ਪਾਰਟੀ ਨੂੰ ਪਸੰਦ ਨਹੀਂ ਆ ਰਹੀ ਜੋ ਪੰਜਾਬ ‘ਚ ਗੜਬੜ ਕਰਾਉਣ ਲਈ ਯਤਨਸ਼ੀਲ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਇਸ ਹਲਕੇ ਤੋਂ ਪਾਰਟੀ ਦੇ ਉਮੀਦਵਰ ਹੋਣਗੇ। ਇਸ ਮੌਕੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਵੀ ਮੌਜੂਦ ਸਨ।

ਬਾਅਦ ‘ਚ ਬਾਦਲ ਨੇ ਪੰਜਾਬ ਭਾਜਪਾ ਕਿਸਾਨ ਮੋਰਚੇ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਦਾ ਪਾਰਟੀ ‘ਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗਿੱਲ ਨੇ ਕਿਹਾ ਕਿ ਕਿਸਾਨਾਂ ਨੂੰ ਸਿਰਫ ਅਕਾਲੀ ਦਲ ’ਤੇ ਭਰੋਸਾ ਹੈ ਜੋ ਕਿ ਆਪਣੇ ਕੀਤੇ ਵਾਅਦੇ ਪਹਿਲਾਂ ਵੀ ਪੂਰੇ ਕਰਦਾ ਰਿਹਾ ਹੈ ਤੇ ਇਸੇ ਲਈ ਉਹ ਅਕਾਲੀ ਦਲ ‘ਚ ਸ਼ਾਮਲ ਹੋਏ ਹਨ।

ਇਸ ਮੌਕੇ ਬਾਦਲ ਨੇ ਮੋਗਾ ਦੇ ਟਟਾਰੀਵਾਲਾ ਪਿੰਡ ‘ਚ 11 ਨੌਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਸਨਮਾਨ ਕੀਤਾ। ਇਹ ਨੌਜਵਾਨ 26 ਜਨਵਰੀ ਦੀਆ ਘਟਨਾਵਾਂ ਮਗਰੋਂ ਤਿਹਾੜ ਜੇਲ੍ਹ ‘ਚੋਂ ਰਿਹਾਅ ਹੋ ਕੇ ਆਏ ਹਨ। ਅੰਮ੍ਰਿਤਪਾਲ ਸਿੰਘ ਦੇ ਇਕ ਨੌਜਵਾਨ ਨੇ ਦੱਸਿਆ ਕਿ ਕਿਵੇਂ ਅਕਾਲੀ ਦਲ ਦੇ ਪ੍ਰਧਾਨ ਨੇ ਮੱਖਣ ਬਰਾੜ ਰਾਹੀਂ ਉਹਨਾਂ ਦੀ ਮਦਦ ਕੀਤੀ ਤੇ ਉਹ ਜੇਲ੍ਹ ਵਿਚੋਂ ਬਾਹਰ ਆ ਸਕੇ।

- Advertisement -

ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਖਾਰਜ ਕੀਤੀਆਂ ਸਾਰੀਆਂ ਭਲਾਈ ਸਕੀਮਾਂ ਬਹਾਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਾਰੇ ਨੀਲੇ ਕਾਰਡ ਨਵੇਂ ਸਿਰੇ ਤੋਂ ਬਣਾਏ ਜਾਣਗੇ ਤੇ ਸਾਰੇ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਮਹੀਨਾ ਭੱਤਾ ਮਿਲੇਗਾ।

ਉਹਨਾਂ ਨੇ ਇਕੱਠ ਨੂੰ ਅਕਾਲੀ ਦਲ ਤੇ ਬਸਪਾ ਗਠਜੋੜ ਦੇ 13 ਨੁਕਾਤੀ ਏਜੰਡੇ ਤੋਂ ਵੀ ਜਾਣੂ ਕਰਵਾਇਆ ਜੋ ਸਰਕਾਰ ਬਣਨ ’ਤੇ ਲਾਗੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਰ ਘਰ ਨੁੰ 400 ਯੂਨਿਟ ਬਿਜਲੀ ਹਰ ਮਹੀਨੇ ਮੁਫਤ ਮਿਲੇਗੀ ਅਤੇ ਦੋ ਮਹੀਨਿਆਂ ਵਿਚ ਇਕ ਬਿਲਿੰਗ ਸਾਈਕਲ ਵਿਚ 800 ਯੁਨਿਟ ਮੁਫਤ ਮਿਲਣਗੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ 10 ਲੱਖ ਰੁਪਏ ਦੇ ਕਰਜ਼ਾ ਕਾਰਡ ਜਾਰੀ ਕੀਤੇ ਜਾਣਗੇ ਤਾਂ ਜੋ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਸਕਣ ਭਾਵੇਂ ਭਾਰਤ ਵਿਚ ਜਾਂ ਫਿਰ ਵਿਦੇਸ਼ਾਂ ਵਿਚ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਕਾਲਜਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ ਅਤੇ ਅਜਿਹੇ ਵਿਦਿਆਰਥੀਆਂ ਦੀ ਫੀਸ ਸਰਕਾਰ ਭਰੇਗੀ।

Share this Article
Leave a comment