ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਪਾਰਟੀ ਦੇ ਅੰਦਰ ਅਤੇ ਬਾਹਰ ਘਮਸਾਨ ਛਿੜ ਗਿਆ ਹੈ। ਅੱਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅਤੇ ਵਰਕਿੰਗ ਕਮੇਟੀ ਦੀ ਮੀਟਿੰਗ ਸਾਂਝੀ ਚੰਡੀਗੜ ਪਾਰਟੀ ਦੇ ਹੈੱਡਕੁਆਟਰ ਵਿਖੇ ਹੋਈ! ਮੀਟਿੰਗ ਨੇ ਕਈ ਘੰਟੇ ਵਿਚਾਰ ਵਟਾਂਦਰਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਪਾਰਟੀ ਦੀ ਉੱਚ ਪੱਧਰੀ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਹੈ ਕਿ ਇਸ ਮਾਮਲੇ ਨੂੰ ਜ਼ਿਲ੍ਹਾ ਪੱਧਰ ਉਪਰ ਵਰਕਰਾਂ ਅਤੇ ਆਗੂਆਂ ਦੀ ਰਾਏ ਲਈ ਜਾਵੇ। ਉਸ ਬਾਦ ਰਾਇ ਅਨੁਸਾਰ ਹੀ ਅਗਲਾ ਫੈਸਲਾ ਲਿਆ ਜਾਵੇਗਾ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵਧੇਰੇ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਹਨ ਕਿਉਂ ਜੋ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਵਿੱਚ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਹੈ ਅਤੇ ਕਾਰਜਕਾਰੀ ਪ੍ਰਧਾਨ ਪਹਿਲਾਂ ਹੀ ਕੰਮਕਰ ਰਹੇ ਹਨ। ਉਂਝ ਵੀ ਜਦੋਂ ਮਾਮਲਾ ਜਿਲਿਆਂ ਦੀ ਸਲਾਹ ਲੈਣ ਉਪਰ ਆ ਗਿਆ ਹੈ ਤਾਂ ਇਸ ਕੰਮ ਵਿਚ ਸਮਾਂ ਲੱਗਣਾ ਸੁਭਾਵਿਕ ਹੈ।
ਅਜੇ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਇਕਠੇ ਹੋਕੇ ਜੋਰਦਾਰ ਨਾਅਰਿਆਂ ਨਾਲ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਨਾ ਕੀਤਾ ਜਾਵੇ। ਪਾਰਟੀ ਅੰਦਰਲੇ ਮਹੌਲ ਤੋਂ ਪਤਾ ਲਗਦਾ ਹੈ ਕਿ ਅਕਾਲੀ ਦਲ ਦੇ ਵਰਕਰਾਂ ਅਤੇ ਵੱਡੇ ਆਗੂਆਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੀ ਡਟ ਕੇ ਹਮਾਇਤ ਕੀਤੀ ਹੈ ।ਪਾਰਟੀ ਦੇ ਕਈ ਹੋਰ ਆਗੂ ਵੀ ਖੁੱਲ ਕੇ ਸੁਖਬੀਰ ਬਾਦਲ ਦੀ ਹਮਾਇਤ ਵਿੱਚ ਆ ਗਏ ਹਨ। ਪਾਰਟੀ ਦੇ ਸਾਬਕਾ ਵਿਧਾਇਕ ਅਤੇ ਆਗੂ ਐਨ ਕੇ ਸ਼ਰਮਾ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾ ਦਲਜੀਤ ਸਿੰਘ ਚੀਮਾ ਅਤੇ ਕਈ ਹੋਰਨਾਂ ਨੇ ਆਖ ਦਿਤਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਤਾਂ ਸਾਡੇ ਵੀ ਅਸਤੀਫ਼ੇ ਪ੍ਰਵਾਨ ਕੀਤੇ ਜਾਣ।ਪਾਰਟੀ ਅੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈ ਕੇ ਤਾਂ ਆਗੂ ਖੁਲ਼ ਕੇ ਪ੍ਰਧਾਨ ਦੇ ਹੱਕ ਵਿੱਚ ਨਿੱਤਰੇ ਹਨ ਪਰ ਇਕ ਵੀ ਅਵਾਜ਼ ਅਸਤੀਫ਼ਾ ਪ੍ਰਵਾਨ ਕਰਨ ਲਈ ਪਾਰਟੀ ਅੰਦਰੋ ਨਹੀਂ ਉੱਠੀ। ਸੁਖਬੀਰ ਸਿੰਘ ਬਾਦਲ ਦੇ ਪਾਰਟੀ ਬਾਹਰ ਦੇ ਵਿਰੋਧੀ ਤਾਂ ਵਿਰੋਧ ਕਰ ਰਹੇ ਹਨ ਪਰ ਪਾਰਟੀ ਅੰਦਰ ਵਿਰੋਧੀ ਸੁਰਾਂ ਦੀ ਗੱਲ ਨਹੀਂ ਹੈ। ਇਸ ਸਥਿਤੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਬੇਸ਼ੱਕ ਅਕਾਲੀ ਦਲ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਕਾਲੀ ਦਲ ਅੰਦਰ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਹਮਾਇਤ ਮਿਲ ਰਹੀ ਹੈ। ਵਿਰੋਧੀ ਸੁਰਾਂ ਵਾਲੇ ਆਗੂ ਪਹਿਲਾਂ ਹੀ ਬਾਹਰ ਹੋ ਗਏ ਹਨ। ਅਜਿਹੀ ਸਥਿਤੀ ਬਾਗ਼ੀ ਅਕਾਲੀ ਆਗੂਆਂ ਵਲੋਂ ਚਲਾਈ ਸੁਧਾਰ ਲਹਿਰ ਲਈ ਕਿੰਨਾ ਹੁੰਗਾਰਾ ਲੈ ਸਕੇਗੀ? ਆਉਣ ਵਾਲਾ ਸਮਾਂ ਦੱਸੇਗਾ।
ਸਿੰਘ ਸਾਹਿਬਾਨ ਨੇ ਅਜੇ ਸੁਖਬੀਰ ਬਾਦਲ ਦੇ ਅਸਤੀਫ਼ੇ ਜਾਂ ਸਜਾ ਲਾਉਣ ਦੇ ਮੁੱਦੇ ਉਪਰ ਹੋਰ ਵਿਚਾਰਾਂ ਕਰਨੀਆਂ ਹਨ ਪਰ ਕੀ ਪਾਰਟੀ ਦੇ ਵਿਰੋਧ ਵਿੱਚ ਜਾਕੇ ਸਿੰਘ ਸਾਹਿਬਾਨ ਪਾਰਟੀ ਪ੍ਰਧਾਨ ਦੀ ਥਾਂ ਕੋਈ ਬਦਲਵਾਂ ਫੈਸਲਾ ਲੈ ਸਕਣਗੇ? ਅਜਿਹੀ ਹਾਲਤ ਵਿੱਚ ਸੁਖਬੀਰ ਬਾਦਲ ਦੇ ਇਮਤਿਹਾਨ ਨਾਲੋਂ ਸਿੰਘ ਸਾਹਿਬਾਨ ਦੇ ਫੈਸਲੇ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਮਾਮਲੇ ਦਾ ਕੀ ਨਿਬੇੜਾ ਹੋਵੇਗਾ, ਇਸ ਦਾ ਪਤਾ ਤਾਂ ਫੈਸਲੇ ਨਾਲ ਹੀ ਸਪਸ਼ਟ ਹੋਵੇਗਾ ਪਰ ਇਹ ਸਹੀ ਹੈ ਕਿਸੇ ਕੌਮ ਜਾਂ ਭਾਈਚਾਰੇ ਦੇ ਇਮਤਿਹਾਨ ਦੇ ਇਤਿਹਾਸਕ ਮੌਕੇ ਵੀ ਕਦੇ ਕਦਾਈਂ ਆਉਂਦੇ ਹਨ।
ਸੰਪਰਕ/ 9814002186