ਐਲੀ ਮਾਂਗਟ ਦੀਆਂ ਵਧੀਆਂ ਮੁਸ਼ਕਲਾਂ, ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਹੁਣ ਨਹੀਂ ਮਾਰੇਗਾ ਬੜ੍ਹਕਾਂ?

TeamGlobalPunjab
2 Min Read

ਚੰਡੀਗੜ੍ਹ: ਇੱਕ ਦੂਜੇ ਨੂੰ ਬੜ੍ਹਕਾਂ ਮਾਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਗੋਡਿਆਂ ਥੱਲੇ ਧਰੇ (ਰਿਮਾਂਡ‘ਤੇ ਲਏ) ਪੰਜਾਬੀ ਗਾਇਕ ਐਲੀ ਮਾਂਗਟ ਨੂੰ ਉਸਦਾ 2 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮਾਂਗਟ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ ਹੈ। ਮਾਂਗਟ ਨੂੰ 27 ਸਤੰਬਰ ਵਾਲੇ ਦਿਨ ਇੱਕ ਵਾਰ ਫਿਰ ਅਦਾਲਤ ‘ਚ ਲਿਆਂਦਾ ਜਾਵੇਗਾ।

ਦੱਸ ਦਈਏ ਕਿ ਪ੍ਰਸਿੱਧ ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਵਿਚਕਾਰ ਉਨ੍ਹਾਂ ਵਲੋਂ ਗਾਏ ਜਾ ਰਹੇ ਪੰਜਾਬੀ ਗੀਤਾਂ ‘ਚੋਂ ਦੀ ਹੀ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀ ਧਮਕੀਆਂ ਸੋਸ਼ਲ ਮੀਡੀਆ ਤੋਂ ਹੁੰਦੀਆਂ ਹੋਈਆਂ ਉਸ ਵੇਲੇ ਖੂਨੀ ਰੂਪ ਧਾਰਦੀਆਂ ਧਾਰਦੀਆਂ ਬਚੀਆਂ ਜਦੋਂ ਉਨ੍ਹਾਂ ਦੋਵਾਂ ਗਾਇਕਾਂ ‘ਚੋਂ ਇੱਕ ਐਲੀ ਮਾਂਗਟ ਰੰਮੀ ਰੰਧਾਵਾ ਨੂੰ ਦੇਖ ਲੈਣ ਦਾ ਟਾਇਮ ਦੇਖ ਕੇ ਆਪਣੇ ਸਾਥੀਆਂ ਸਣੇ ਮੁਹਾਲੀ ਦੇ 88 ਸੈਕਟਰ ‘ਚ ਜਾ ਪੁੱਜਾ।  ਪੁਲਿਸ ਦੇ ਦਾਅਵੇ ਅਨੁਸਾਰ ਇਸ ਗਾਇਕ ਨਾਲ ਨਾ ਸਿਰਫ ਬਹੁਤ ਸਾਰੇ ਨੌਜਵਾਨ ਸਮਰੱਥਕ ਵੀ ਆਏ ਸਨ ਬਲਕਿ ਜਿਉਂ ਹੀ ਐਲੀ ਮਾਂਗਟ ਨੂੰ ਪੁਲਿਸ ਨੇ ਲਾਈਵ ਵੀਡੀਓ ਬਣਾਉਂਦੇ ਹੋਏ ਗੱਡੀ ‘ਚੋਂ ਉਤਾਰਿਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਉਸ ਦੇ ਸਮਰੱਥਕਾਂ ਨੇ ਗੋਲੀ ਬਾਰੀ ਕਰਦੇ ਹੋਏ ਰੰਮੀ ਰੰਧਾਵਾ ਨੂੰ ਵੰਗਾਰਿਆ ਸੀ।

ਇਹ ਉਹ ਮਾਮਲਾ ਸੀ ਜਿਸ ਨੇ ਕਾਫੀ ਦਿਨਾਂ ਤੋਂ ਮੁਹਾਲੀ ਪੁਲਿਸ ਦੀ ਨੀਂਦ ਹਰਾਮ ਕੀਤੀ ਹੋਈ ਸੀ।  ਲਿਹਾਜ਼ਾ ਦੋਵਾਂ ਗਾਇਕਾਂ ਖਿਲਾਫ ਪਰਚਾ ਦਰਜ ਕੀਤਾ ਗਿਆ। ਕਿਉਂਕਿ ਦਰਜ ਕੀਤਾ ਗਿਆ ਪਰਚਾ ਜ਼ਮਾਨਤ ਯੋਗ ਧਾਰਾਵਾਂ ਵਾਲਾ ਸੀ ਇਸ ਲਈ ਰੰਮੀ ਰੰਧਾਵਾ ਨੂੰ ਤਾਂ ਮੌਕੇ ਤੋਂ ਹੀ ਜ਼ਮਾਨਤ ਮਿਲ ਗਈ ਪਰ ਐਲੀ ਮਾਂਗਟ ‘ਤੇ ਪੁਲਿਸ ਨੇ ਇਹ ਦੋਸ਼ ਲਗਾ ਕੇ ਧਾਰਾ 295-ਏ ਵੀ ਲਗਾ ਦਿੱਤੀ ਕਿ ਮਾਂਗਟ ਨੇ ਰੰਮੀ ਰੰਧਾਵਾ ਨੂੰ ਧਮਕੀ ਦੇਣ ਲਈ ਜਿਹੜੀ ਵੀਡੀਓ ਜਨਤਕ ਕੀਤੀ ਸੀ ਉਸ ‘ਚ ਸਿੱਖਾਂ ਦੇ ਧਾਰਮਿਕ ਚਿੰਨ ਖੰਡਾ ਪ੍ਰਤੀ ਵੀ ਅਪਮਾਨਯੋਗ ਟਿੱਪਣੀ ਕੀਤੀ ਸੀ। ਲਿਹਾਜ਼ਾ ਉਸ ਖਿਲਾਫ ਗੈਰ-ਜ਼ਮਾਨਤੀ ਧਾਰਾ 295-ਏ ਲਗਾ ਕੇ ਪੁਲਿਸ ਨੇ ਐਲੀ ਮਾਂਗਟ ਨੂੰ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮਾਂਗਟ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ ਜਿਥੋਂ ਅਦਾਲਤ ਨੇ ਉਸ ਨੂੰ ਰੋਪੜ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ ਹਨ।

Share this Article
Leave a comment