ਅਲੈਗਜ਼ੈਂਡਰਾ ਪਾਰਕ ‘ਚ ਕੈਂਪ ਲਾਈ ਬੈਠੇ ਲੋਕਾਂ ਨੂੰ ਹਟਾਉਣ ਲਈ ਸਿਟੀ ਸਟਾਫ ਨੂੰ ਕਰਨੀ ਪਈ ਕਾਫੀ ਮਸ਼ੱਕਤ, 9 ਗ੍ਰਿਫਤਾਰ

TeamGlobalPunjab
2 Min Read

ਡਾਊਨਟਾਊਨ ਸਥਿਤ ਅਲੈਗਜ਼ੈਂਡਰਾ ਪਾਰਕ ਵਿੱਚ ਕੈਂਪ ਲਾਈ ਬੈਠੇ ਲੋਕਾਂ ਨੂੰ ਹਟਾਉਣ ਲਈ ਸਿਟੀ ਸਟਾਫ ਨੂੰ ਕਾਫੀ ਮਸ਼ੱਕਤ ਕਰਨੀ ਪਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਸ ਦੌਰਾਨ 9 ਵਿਅਕਤੀਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ।ਸਿਟੀ ਆਫ ਟੋਰਾਂਟੋ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ 12 ਜੂਨ ਨੂੰ ਡੰਡਸ ਤੇ ਬਾਥਰਸਟ ਸਟਰੀਟਸ ਨੇੜੇ ਪਾਰਕ ਵਿੱਚ ਰਹਿਣ ਵਾਲਿਆਂ ਨੂੰ ਟਰੈਸਪਾਸਿੰਗ ਸਬੰਧੀ ਨੋਟਿਸ ਦਿੱਤੇ ਗਏ ਸਨ ਤੇ ਅੱਜ ਸਵੇਰ ਸਮੇਂ ਸਿਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਸਿਟੀ ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਇੱਥੇ ਕੈਂਪ ਵਿੱਚ ਰਹਿਣ ਵਾਲੇ ਜਿਨ੍ਹਾਂ ਵਿਅਕਤੀਆਂ ਨੂੰ ਬੇਘਰ ਮਹਿਸੂਸ ਹੋਇਆ ਉਨ੍ਹਾਂ ਨੂੰ ਸੇਫ ਤੇ ਇੰਡੋਰ ਸਪੇਸ ਮੁਹੱਈਆ ਕਰਵਾਉਣ ਦੇ ਨਾਲ-ਨਾਲ ਖਾਣੇ, ਨਹਾਉਣ-ਧੋਣ, ਕੱਪੜੇ ਧੋਣ, ਫਿਜ਼ੀਕਲ ਤੇ ਮੈਂਟਲ ਹੈਲਥ ਵਿੱਚ ਮਦਦ ਆਦਿ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ ਗਈ। ਟੋਰਾਂਟੋ ਪੁਲਿਸ ਸਟਾਫ ਸੁਪਰ. ਰੈਂਡੀ ਕਾਰਟਰ ਨੇ  ਦੱਸਿਆ ਕਿ ਅਧਿਕਾਰੀ ਸਿਟੀ ਆਫ ਟੋਰਾਂਟੋ ਦੇ ਸੁਰੱਖਿਆ ਗਾਰਡਾਂ ਦੀ ਸਹਾਇਤਾ ਲਈ ਪਾਰਕ ‘ਚ ਸਨ।

ਉਨ੍ਹਾਂ ਦੱਸਿਆ ਕਿ ਇੱਥੇ ਰਹਿਣ ਵਾਲਿਆਂ ਨੂੰ ਆਪਣੇ ਸਮਾਨ ਵਿੱਚੋਂ ਦੋ ਬੈਗ ਲੈਣ ਲਈ ਆਖਿਆ ਗਿਆ ਤੇ ਬਾਕੀ ਅਗਲੇ 30 ਦਿਨਾਂ ਵਾਸਤੇ ਸਟੋਰ ਕਰਕੇ ਰੱਖਣ ਲਈ ਦੇਣ ਵਾਸਤੇ ਵੀ ਆਖਿਆ ਗਿਆ। ਸਿਟੀ ਨੇ ਦੱਸਿਆ ਕਿ ਪਾਰਕ ਵਿੱਚ ਰਹਿਣ ਵਾਲੇ 26 ਵਿਅਕਤੀਆਂ ਨੂੰ ਅੱਜ ਹਟਾਇਆ ਗਿਆ। ਇਸ ਕੰਮ ਲਈ ਅੱਜ ਪਾਰਕ ਵੀ ਬੰਦ ਰੱਖਿਆ ਗਿਆ। ਮੌਕੇ ਉੱਤੇ ਪੁਲਿਸ ਵੀ ਭਾਰੀ ਮਾਤਰਾ ਵਿੱਚ ਮੌਜੂਦ ਸੀ।

Share this Article
Leave a comment