-ਜਗਤਾਰ ਸਿੰਘ ਸਿੱਧੂ (ਐਡੀਟਰ);
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਦਾ ਐਲਾਨ ਕਰਕੇ ਪੰਜਾਬ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਦੀਆਂ ਕਈ ਮੀਟਿੰਗਾਂ ਤੋਂ ਬਾਅਦ ਅੱਜ ਚੰਡੀਗੜ੍ਹ ਵਿਚ ਕੀਤੇ ਇਸ ਐਲਾਨ ਨੇ ਪੰਜਾਬ ਦੀ ਰਾਜਨੀਤੀ ਲਈ ਇਕੋ ਵੇਲੇ ਕਈ ਸੁਨੇਹੇ ਦੇ ਦਿੱਤੇ ਹਨ। ਦੋਹਾਂ ਪਾਰਟੀਆਂ ਦੇ ਗਠਜੋੜ ਨੇ ਦੂਜੀਆਂ ਰਾਜਸੀ ਪਾਰਟੀਆਂ ਨੂੰ ਪਿੱਛੇ ਛੱਡਦਿਆਂ ਸੀਟਾਂ ਦੀ ਵੰਡ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਅਨੁਸਾਰ 20 ਸੀਟਾਂ ਉੱਤੇ ਬਸਪਾ ਚੋਣ ਲੜੇਗੀ ਜਦੋਂਕਿ 97 ਸੀਟਾਂ ਉੱਤੇ ਅਕਾਲੀ ਦਲ ਚੋਣ ਲੜੇਗਾ। ਇਸ ਤਰ੍ਹਾਂ ਮਾਲਵੇ ਵਿਚ 7 ਮਾਝੇ ਵਿਚ 5 ਅਤੇ ਦੁਆਬੇ ਵਿਚ 8 ਸੀਟਾਂ ਉੱਤੇ ਬਸਪਾ ਚੋਣ ਲੜੇਗੀ। ਇਸ ਨਾਲ ਦੋਹਾਂ ਧਿਰਾਂ ਨੂੰ ਸ਼ਪਸ਼ਟ ਹੋ ਗਿਆ ਹੈ ਕਿ ਕਿਹੜੀ ਪਾਰਟੀ ਕਿਹੜੀ ਸੀਟ ਤੋਂ ਚੋਣ ਲੜ ਰਹੀ ਹੈ। ਬਸਪਾ ਦੀਆਂ ਸੀਟਾਂ ਦਾ ਇਕ ਅਜਿਹਾ ਪਹਿਲੂ ਇਹ ਵੀ ਹੈ ਕਿ ਸਿੱਖ ਇਤਿਹਾਸ ਨਾਲ ਸਬੰਧਤ ਕਈ ਸੀਟਾਂ ਉੱਤੇ ਬਸਪਾ ਚੋਣ ਲੜੇਗੀ। ਮਿਸਾਲ ਵਜੋਂ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੀਆਂ ਸੀਟਾਂ ਬਸਪਾ ਕੋਲ ਹਨ।
ਅਕਾਲੀ ਦਲ ਨੇ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਬਸਪਾ ਨਾਲ ਸਾਂਝ ਕਰਕੇ ਦੂਜੀਆਂ ਰਾਜਸੀ ਪਾਰਟੀਆਂ ਨੂੰ ਵੱਡੀ ਚੁਣੋਤੀ ਸੁੱਟੀ ਹੈ ਕਿਉਂ ਜੋ ਦੇਸ਼ ਵਿਚ ਸਭ ਤੋਂ ਵਧੇਰੇ 27 ਫੀਸਦੀ ਤੋਂ ਉਪਰ ਦਲਿਤ ਵਸੋਂ ਪੰਜਾਬ ਵਿਚ ਹੈ। ਉਂਝ ਵੀ ਦਲਿਤ ਭਾਈਚਾਰੇ ਦੀ ਸਿੱਖ ਭਾਈਚਾਰੇ ਨਾਲ ਇਕ ਸੁਭਾਵਿਕ ਸਾਂਝ ਹੈ ਅਤੇ ਦੋਵੇਂ ਭਾਈਚਾਰੇ ਇਕ ਦੂਜੇ ਦੇ ਨਜ਼ਦੀਕ ਹਨ।
ਭਾਜਪਾ ਨੇ ਵੀ ਪੰਜਾਬ ਵਿਚ ਮੁੱਖ ਮੰਤਰੀ ਦੇ ਚੇਹਰਾ ਦਲਿਤ ਹੋਣ ਦਾ ਐਲਾਨ ਕੀਤਾ ਹੈ ਪਰ ਅਜੇ ਤੱਕ ਭਾਜਪਾ ਆਪ ਹੀ ਵੱਡੇ ਸੰਕਟ ਵਿਚ ਘਿਰੀ ਹੋਈ ਹੈ।ਕਾਂਗਰਸ ਪਾਰਟੀ ਵੀ ਦਲਿਤ ਹਿੱਤਾਂ ਦੀ ਦਾਅਵੇਦਾਰ ਹੈ ਪਰ ਕਾਂਗਰਸ ਅਜੇ ਆਪਣੇ ਹੀ ਕਲੇਸ਼ ਵਿਚ ਫਸੀ ਹੋਈ ਹੈ। ਮੌਜੂਦਾ ਰਾਜਸੀ ਸਥਿਤੀਆਂ ਵਿਚ ਮੁੱਖ ਵਿਰੋਧੀ ਧਿਰ ਆਪ ਅੰਦਰ ਅਜੇ ਉਹ ਉਤਸਾਹ ਨਜ਼ਰ ਨਹੀਂ ਆ ਰਿਹਾ ਜੋ ਕਿ ਲੜਾਈ ਦੇ ਮੈਦਾਨ ਲਈ ਜ਼ਰੂਰੀ ਹੈ। ਅਕਾਲੀ ਦਲ ਨਾਲੋਂ ਟੁੱਟੀਆਂ ਦੂਜੀਆਂ ਧਿਰਾਂ ਵੀ ਅਜੇ ਤੱਕ ਲੜਾਈ ਦਾ ਮੂੰਹ ਮੱਥਾ ਨਹੀਂ ਬਣਾ ਸਕੀਆਂ।
ਅਕਾਲੀ ਦਲ ਦੀ ਲੀਡਰਸ਼ਿਪ ਦਾ ਮੂਡ ਐਨੇ ਹੌਸਲੇਂ ਦਾ ਪ੍ਰਗਟਾਵਾ ਕਰ ਰਿਹਾ ਸੀ ਕਿਉਂ ਜੋ ਭਾਜਪਾ ਨਾਲੋਂ ਅਲੱਗ ਹੋਣ ਬਾਅਦ ਅਕਾਲੀ ਦਲ ਨੂੰ ਇਕ ਮਜ਼ਬੂਤ ਧਿਰ ਮਿਲ ਗਈ ਹੈ। ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਨੇ 1996 ਦੀਆਂ ਪਾਰਲੀਮੈਂਟ ਚੋਣਾਂ ਰਲਕੇ ਲੜਨ ਦੇ ਆਏ ਚੰਗੇ ਨਤੀਜਿਆਂ ਦਾ ਵਾਰ ਵਾਰ ਜਿਕਰ ਕੀਤਾ। ਉਸ ਵੇਲੇ ਬਸਪਾ ਨੇ 4 ਵਿਚੋਂ ਤਿੰਨ ਅਤੇ ਅਕਾਲੀ ਦਲ ਨੇ 9 ਵਿਚੋਂ 8 ਸੀਟਾਂ ਜਿੱਤੀਆਂ ਸਨ। ਦੋਹਾਂ ਪਾਰਟੀਆਂ ਨੂੰ ਕੂਲ 38.7 ਫੀਸਦੀ ਵੋਟਾਂ ਆਈਆਂ ਸਨ। ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਜਿਥੇ ਦਲਿਤ ਹੱਕਾਂ ਦੀ ਲੜਾਈ ਲੜਨ ਦੀ ਗੱਲ ਕੀਤੀ। ਉਥੇ ਉਨ੍ਹਾਂ ਨੇ ਕਈ ਵਾਰ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ।
ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਨੇ ਇਸ ਗੱਠਜੋੜ ਨੂੰ ਇਤਿਹਾਸਕ ਅਤੇ ਪੱਕਾ ਕਿਹਾ ਹੈ ਪਰ ਇਸ ਦੇ ਬਾਵਜੂਦ ਇਸ ਗੱਠਜੋੜ ਦੀ ਲੀਡਰਸ਼ਿਪ ਅੱਗੇ ਵੱਡੀਆਂ ਚੁਣੌਤੀਆਂ ਹਨ। ਬਸਪਾ ਦਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਧਾਨ ਸਭਾ ਵਿਚ ਦੀਵਾ ਬੁਝਿਆ ਹੋਇਆ ਹੈ। 1996 ਤੋਂ ਬਾਅਦ ਪੰਜਾਬ ਵਿਚ ਵੱਡੀਆਂ ਰਾਜਸੀ ਅਤੇ ਸਮਾਜਿਕ ਤਬਦੀਲੀਆਂ ਆਈਆਂ ਹਨ। ਅਕਾਲੀ ਦਲ ਵਿਧਾਨ ਸਭਾ ਵਿਚ ਤੀਜੀ ਧਿਰ ਹੈ। ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਕਈ ਵੱਡੇ ਮੁੱਦਿਆਂ ‘ਤੇ ਅਕਾਲੀ ਦਲ ਸਾਹਮਣੇ ਚੁਣੋਤੀਆਂ ਹਨ। ਕਿਸਾਨ ਅੰਦੋਲਨ ਦਾ ਪੰਜਾਬ ਵਿਚ ਆਪਣਾ ਪ੍ਰਭਾਵ ਹੈ। ਅਜਿਹੀਆਂ ਪ੍ਰਸਥਿਤੀਆਂ ਵਿਚ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਨਵੇਂ ਗੱਠਜੋੜ ਨੂੰ ਪੰਜਾਬੀ ਕਿੰਨਾ ਹੁੰਗਾਰਾ ਭਰਦੇ ਹਨ। ਪਰ ਨਿਸ਼ਚਿਤ ਤੌਰ ‘ਤੇ ਅਕਾਲੀ ਦਲ ਨੇ ਬਸਪਾ ਨਾਲ ਸਾਂਝ ਕਰਕੇ ਭਾਜਪਾ ਸਮੇਤ ਦੂਜੀਆਂ ਰਾਜਸੀ ਧਿਰਾਂ ਨੂੰ ਚੁਣੌਤੀ ਦੇਣ ਲਈ ਨਵਾਂ ਪੈਤੜਾਂ ਖੇਡਿਆ ਹੈ। ਉਂਝ ਵਿਰੋਧੀ ਧਿਰਾਂ ਇਸ ਨੂੰ ਮੌਕਾਪ੍ਰਸਤੀ ਵਾਲਾ ਗਠਜੋੜ ਆਖ ਰਹੇ ਹਨ।
ਸੰਪਰਕ-9814002186