ਨਵੀ ਦਿੱਲੀ : ਹਵਾਈ ਸਫਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਹਵਾਈ ਯਾਤਰੀਆਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਸਕਦਾ ਹੈ। ਦਰਅਸਲ, ਮੱਧ-ਪੂਰਬ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦੇਖਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਏਵੀਏਸ਼ਨ ਟਰਬਾਈਨ ਫਿਊਲ (ATF) ‘ਤੇ ਪੈ ਸਕਦਾ ਹੈ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ 1 ਅਪ੍ਰੈਲ ਤੋਂ ਬਾਲਣ ਦੀਆਂ ਦਰਾਂ ਵਿੱਚ ਸੋਧ ਦੇ ਨਾਲ ਵਾਧਾ ਹੋਣਾ ਸੰਭਵ ਹੈ।
ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਜਾਰੀ ਤਣਾਅ ਨੇ ਤੇਲ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਨਾ ਸਿਰਫ਼ ਬਾਲਣ ਮਹਿੰਗਾ ਹੋ ਰਿਹਾ ਹੈ, ਸਗੋਂ ਕੁਝ ਉਡਾਣ ਮਾਰਗ ਵੀ ਸੀਮਤ ਹੋ ਗਏ ਹਨ। ਇਸ ਨਾਲ ਏਅਰਲਾਈਨਾਂ ਦੀ ਸੰਚਾਲਨ ਲਾਗਤ, ਬੀਮਾ ਪ੍ਰੀਮੀਅਮ ਅਤੇ ਕੁੱਲ ਖਰਚਿਆਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਕੰਪਨੀਆਂ ਦਬਾਅ ਵਿੱਚ ਹਨ।
ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਦੱਸਿਆ ਕਿ ATF ਦੀਆਂ ਕੀਮਤਾਂ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਤੈਅ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਭਾਵੀ ਵਾਧੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਏਅਰਲਾਈਨ ਕੰਪਨੀਆਂ ਨਾਲ ਗੱਲਬਾਤ ਜਾਰੀ ਹੈ, ਤਾਂ ਜੋ ਯਾਤਰੀਆਂ ‘ਤੇ ਸਿੱਧਾ ਬੋਝ ਨਾ ਪਵੇ।
ਦੱਸ ਦਈਏ ਕਿ ਕੁਝ ਕੰਪਨੀਆਂ ਨੇ ਵਧਦੀ ਲਾਗਤ ਦੀ ਭਰਪਾਈ ਲਈ ਪਹਿਲਾਂ ਹੀ ਵਾਧੂ ਚਾਰਜ ਲਗਾਉਣੇ ਸ਼ੁਰੂ ਕਰ ਦਿੱਤੇ ਹਨ। Air India ਅਤੇ Akasa Air ਨੇ ਫਿਊਲ ਸਰਚਾਰਜ ਲਾਗੂ ਕਰ ਦਿੱਤਾ ਹੈ, ਜਦੋਂ ਕਿ IndiGo ਨੇ ਦੂਰੀ ਦੇ ਆਧਾਰ ‘ਤੇ ਵੱਖ-ਵੱਖ ਚਾਰਜ ਤੈਅ ਕੀਤੇ ਹਨ।
ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਵਿਸ਼ਵਵਿਆਪੀ ਹਾਲਾਤ ਵਿੱਚ ਲਾਗਤ ਵਧਣਾ ਤੈਅ ਹੈ, ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਦਾ ਅਸਰ ਯਾਤਰੀਆਂ ‘ਤੇ ਅਚਾਨਕ ਅਤੇ ਬਹੁਤ ਜ਼ਿਆਦਾ ਨਾ ਪਵੇ। ਪਹਿਲ ਸੁਰੱਖਿਅਤ ਅਤੇ ਸੁਚਾਰੂ ਹਵਾਈ ਸੇਵਾਵਾਂ ਨੂੰ ਬਰਕਰਾਰ ਰੱਖਣ ਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

