ਨਵੀਂ ਦਿੱਲੀ: ਦਿੱਲੀ ਤੋਂ ਲੰਦਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਉਸ ਵੇਲੇ ਖੋਰੂ ਪੈ ਗਿਆ ਜਦੋਂ ਇੱਕ ਮੁਸਾਫ਼ਰ ਨੇ ਕਿਸੇ ਗੱਲ ਤੋਂ ਤਕਰਾਰ ਹੋਣ ਤੋਂ ਬਾਅਦ 2 ਚਾਲਕ ਦਲ ਦੇ ਮੈਂਬਰ ਦੇ ਘਸੁੰਨ ਜੜ ਦਿੱਤੇ। ਏਅਰ ਇੰਡੀਆ ਦੀ ਫਲਾਈਟ ਸੋਮਵਾਰ ਸਵੇਰੇ 6:30 ਵਜੇ ਲੰਦਨ ਰਵਾਨਾ ਹੋਈ ਅਤੇ ਚਾਰ ਘੰਟੇ ਬਾਅਦ ਦਿੱਲੀ ਪਰਤ ਆਈ। ਏਅਰ ਇੰਡੀਆ ਮੁਤਾਬਕ ਜਹਾਜ ਚੜ੍ਹਦਿਆਂ ਹੀ ਮੁਸਾਫ਼ਰ ਨੇ ਚਾਲਕ ਦਲ ਦੇ ਮੈਂਬਰਜ਼ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ।
ਜਹਾਜ਼ ਦੇ ਅਮਲੇ ਵੱਲੋਂ ਲਗਾਤਾਰ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਉਹ ਨਹੀਂ ਟਲਿਆ ਅਤੇ ਲਗਾਤਾਰ ਬਦਸਲੂਕੀ ਕਰਦਾ ਰਿਹਾ। ਇਥੋਂ ਤੱਕ ਕਿ ਦੋ ਸਟਾਫ਼ ਮੈਂਬਰਾਂ ਦੇ ਘਸੁੰਨ ਵੀ ਮਾਰੇ ਜਿਸ ਤੋਂ ਬਾਅਦ ਜਹਾਜ਼ ਵਾਪਸ ਉਤਾਰਨ ਦਾ ਫੈਸਲਾ ਲਿਆ ਗਿਆ ਅਤੇ ਸਵੇਰੇ 10:30 ਵਜੇ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਉੱਤਰ ਗਿਆ। ਮੁਸਾਫ਼ਰ ਵਿਰੁੱਧ ਦਿੱਲੀ ਹਵਾਈ ਅੱਡੇ ਦੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ।
ਮੁਸਾਫਰ ਦੀ ਪਛਾਣ 25 ਸਾਲਾ ਪੰਜਾਬੀ ਨੌਜਵਾਨ ਜਸਕਿਰਤ ਸਿੰਘ ਵਜੋਂ ਹੋਈ ਹੈ, ਰਿਪੋਰਟਾਂ ਮੁਤਾਬਕ ਉਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।
ਏਅਰਲਾਈਨ ਵੱਲੋਂ ਬਾਕੀ ਮੁਸਾਫ਼ਰਾਂ ਨੂੰ ਹੋਈ ਪਏਸ਼ਾਨੀ ਵਾਸਤੇ ਮੁਆਫ਼ੀ ਮੰਗੀ ਗਈ ਹੈ ਅਤੇ ਲੰਦਨ ਜਾਣ ਵਾਸਤੇ ਇਸੇ ਫਲਾਈਟ ਨੂੰ ਬਾਅਦ ‘ਚ ਰਵਾਨਾ ਕੀਤਾ ਗਿਆ। ਫਲਾਈਟ ਰਾਡਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਉਸ ਵੇਲੇ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਉਪਰੋਂ ਲੰਘ ਰਿਹਾ ਸੀ ਜਦੋਂ ਇਸ ਨੂੰ ਵਾਪਸ ਮੋੜਨ ਦਾ ਫੈਸਲਾ ਲਿਆ ਗਿਆ। ਏਅਰ ਇੰਡੀਆ ਦੇ ਸੀ.ਈ.ਓ. ਕੈਂਪਬਲ ਵਿਲਸਨ ਨੇ ਪਿਛਲੇ ਦਿਨੀਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਅਕਸਰ ਡਿਊਟੀ ਦੌਰਾਨ ਮੁਸਾਫ਼ਰਾਂ ਦਾ ਦੁਰਵਿਹਾਰ ਝੱਲਣਾ ਪੈਂਦਾ ਹੈ। ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਰੌਲ ਰੱਪੇ ਦੀ ਰਿਪੋਰਟ ਨਾਂ ਆਵੇ। ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਵਤੀਰਾ ਹੇਠਲੇ ਪੱਧਰ ਵੱਲ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਕਾਨੂੰਨ ਵਿੱਚ ਤਬਦੀਲੀਆਂ ਕੀਤੇ ਜਾਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ਦੌਰਾਨ ਸਪਾਈਸ ਜੈਟ ਦੀ ਇਕ ਫਲਾਈਟ ਵਿੱਚ ਇੱਕ ਮੁਸਾਫ਼ਰ ਨੇ ਏਅਰਹੋਸਟੈਸ ਨਾਲ ਬਦਸਲੂਕੀ ਕੀਤੀ ਸੀ। ਇਸ ਤੋਂ ਪਹਿਲਾਂ 26 ਨਵੰਬਰ ਦੀ ਘਟਨਾ ਦੌਰਾਨ ਨਿਊ ਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਵਿਚ ਇੱਕ ਮੁਸਾਫ਼ਰ ਨੇ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ ਸੀ। ਇਸ ਘਟਨਾ ਬਾਰੇ ਏਅਰਲਾਈਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਬਜ਼ੁਰਗ ਮਹਿਲਾ ਨੇ ਟਾਟਾ ਗਰੁੱਪ ਦੇ ਚੇਅਰਮੈਨ ਨੂੰ ਸ਼ਿਕਾਇਤ ਕੀਤੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਵੱਲੋਂ ਏਅਰ ਇੰਡੀਆ ਨੂੰ 30 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ।