ਏਅਰ ਇੰਡੀਆ ਫਲਾਈਟ ਦਾ ਪਾਇਲਟ ਡੋਪ ਟੈਸਟ ‘ਚ ਫੇਲ, ਇਹ ਨਸ਼ਾ ਕਰਕੇ ਹਵਾ ‘ਚ ਜਹਾਜ਼ ਕੀਤਾ ਸੀ ਪੁੱਠਾ!

Global Team
3 Min Read

ਨਵੀਂ ਦਿੱਲੀ: ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI-2379 ਨਾਲ ਜੁੜੀ ਘਟਨਾ ਵਿੱਚ ਪਾਇਲਟ ਦਾ ਡੋਪ ਟੈਸਟ ਦੂਜੀ ਵਾਰ ਵੀ ਪਾਜ਼ੀਟਿਵ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੈਬ ਜਾਂਚ ਵਿੱਚ ਪਾਇਲਟ ਦੇ ਸੈਂਪਲ ਵਿੱਚ ਗਾਂਜਾ ਜਾਂ ਮਾਰਿਜੁਆਨਾ ਦੇ ਸੇਵਨ ਦੀ ਪੁਸ਼ਟੀ ਹੋਈ ਹੈ।

ਫਲਾਈਟ ਵਿੱਚ ਕੁੱਲ 137 ਯਾਤਰੀ ਅਤੇ 8 ਕਰਿਊ ਮੈਂਬਰ ਸਵਾਰ ਸਨ। ਉਡਾਣ ਦੌਰਾਨ ਜਹਾਜ਼ ਨੂੰ ਅਚਾਨਕ ਤੇਜ਼ ਝਟਕੇ ਲੱਗੇ ਅਤੇ ਇਸ ਦੀ ਉਚਾਈ ਕਰੀਬ 300 ਫੁੱਟ ਘੱਟ ਹੋ ਗਈ। ਇਸ ਘਟਨਾ ਵਿੱਚ ਘੱਟੋ-ਘੱਟ 13 ਯਾਤਰੀ ਅਤੇ 4 ਕਰਿਊ ਮੈਂਬਰ ਜ਼ਖਮੀ ਹੋਏ।

17 ਲੋਕ ਹੋਏ ਜ਼ਖਮੀ

ਨਾਗਰਿਕ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਮੁਤਾਬਕ ਜ਼ਖਮੀਆਂ ਵਿੱਚ ਕਰਿਊ ਦੇ ਦੋ ਮੈਂਬਰਾਂ ਨੂੰ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਅਤੇ ਗਰਦਨ ਵਿੱਚ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਨਿਯਮਾਂ ਮੁਤਾਬਕ ਫਲਾਈਟ ਦੇ ਦੋਵੇਂ ਕਰਿਊ ਮੈਂਬਰਾਂ ਦੀ ਸਾਈਕੋਐਕਟਿਵ ਪਦਾਰਥਾਂ ਦੀ ਜਾਂਚ ਕੀਤੀ ਗਈ।

ਪਾਇਲਟ ਦੀ ਸ਼ੁਰੂਆਤੀ ਜਾਂਚ ਵਿੱਚ ਸ਼ੱਕੀ ਨਤੀਜਾ ਆਉਣ ਤੋਂ ਬਾਅਦ ਸੈਂਪਲ ਨੂੰ ਅੰਤਿਮ ਪੁਸ਼ਟੀ ਲਈ ਲੈਬ ਭੇਜਿਆ ਗਿਆ ਸੀ। ਸਾਈਕੋਐਕਟਿਵ ਪਦਾਰਥ ਉਹ ਰਸਾਇਣ ਜਾਂ ਪਦਾਰਥ ਹੁੰਦੇ ਹਨ ਜੋ ਦਿਮਾਗ ਅਤੇ ਨਰਵਸ ਸਿਸਟਮ ’ਤੇ ਸਿੱਧਾ ਪ੍ਰਭਾਵ ਪਾਉਂਦੇ ਹਨ।

ਦੋਵੇਂ ਕਰਿਊ ਮੈਂਬਰ ਡਿਊਟੀ ਤੋਂ ਹਟਾਏ

ਇਸ ਘਟਨਾ ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਨਾਗਰਿਕ ਹਵਾਬਾਜ਼ੀ ਮਹਾਨਿਰਦੇਸ਼ਾਲੇ ਨੇ ਜਾਂਚ ਅਤੇ ਟੈਸਟਿੰਗ ਪ੍ਰਕਿਰਿਆ ਪੂਰੀ ਹੋਣ ਤੱਕ ਦੋਵੇਂ ਫਲਾਈਟ ਕਰਿਊ ਮੈਂਬਰਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ।

ਅਗਲੀ ਕਾਰਵਾਈ ਜਾਂਚ ਦੇ ਨਤੀਜਿਆਂ ਅਤੇ ਅੰਤਿਮ ਰਿਪੋਰਟ ਦੇ ਆਧਾਰ ’ਤੇ ਕੀਤੀ ਜਾਵੇਗੀ।

ਏਅਰ ਇੰਡੀਆ ਨੇ ਕੀ ਕਿਹਾ?

ਏਅਰ ਇੰਡੀਆ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਨਿਯਮਾਂ ਤਹਿਤ ਪਾਇਲਟਾਂ ਦਾ ਫਲਾਈਟ ਤੋਂ ਬਾਅਦ ਟੈਸਟ ਕੀਤਾ ਗਿਆ ਸੀ। ਏਅਰਲਾਈਨ ਮੁਤਾਬਕ ਟੈਸਟ ਦੇ ਨਤੀਜੇ ਉਸ ਨਾਲ ਸਾਂਝੇ ਨਹੀਂ ਕੀਤੇ ਗਏ, ਇਸ ਲਈ ਉਹ ਇਸ ਬਾਰੇ ਕੋਈ ਨਤੀਜਾ ਨਹੀਂ ਕੱਢ ਸਕਦੀ। ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਨਿਯਮਾਂ ਅਨੁਸਾਰ ਕਰਿਊ ਮੈਂਬਰਾਂ ਦੇ ਨਿਯਮਤ ਡਰੱਗ ਟੈਸਟ ਕਰਦੀ ਹੈ।

ਇਸ ਦੌਰਾਨ ਏਅਰ ਇੰਡੀਆ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈਲ ਵਿਲਸਨ ਨੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਟਾਟਾ ਸੰਸ ਦੇ ਚੇਅਰਮੈਨ ਦੇ ਕਾਰਜਕਾਰੀ ਸਲਾਹਕਾਰ ਪ੍ਰਦੀਪ ਸਿੰਘ ਖਰੋਲਾ ਅਤੇ ਫਲਾਈਟ ਸੇਫਟੀ ਮੁਖੀ ਦੀਪਕ ਜੋਸ਼ੀ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਮੰਤਰਾਲੇ, ਡੀਜੀਸੀਏ ਅਤੇ ਏਏਆਈਬੀ ਦੇ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿੱਚ ਹੋਈ ਚਰਚਾ ਦੇ ਵੇਰਵੇ ਤੁਰੰਤ ਸਾਹਮਣੇ ਨਹੀਂ ਆਏ।

Share This Article
Leave a Comment