ਨਵੀਂ ਦਿੱਲੀ: ਸਾਊਦੀ ਅਰਬ ਦੀ ਰਾਜਧਾਨੀ ਰਿਆਦ ਲਈ ਨਵੀਂ ਦਿੱਲੀ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਹੂਤੀਆਂ ਵੱਲੋਂ ਹਮਲੇ ਦੀਆਂ ਖਬਰਾਂ ਮਗਰੋਂ ਰਸਤੇ ਵਿੱਚੋਂ ਹੀ ਵਾਪਿਸ ਮੁੜਨਾ ਪਿਆ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 10 ਅਕਤੂਬਰ 2026 ਤੱਕ ਰਿਆਦ ਆਉਣ-ਜਾਣ ਵਾਲੀਆਂ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਯਮਨ ਵਿੱਚ ਈਰਾਨ-ਸਮਰਥਿਤ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਸਥਿਤ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਵੇਂ ਮਿਜ਼ਾਈਲ ਹਮਲੇ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇੰਡੀਗੋ (IndiGo) ਅਤੇ ਆਕਾਸਾ ਏਅਰ (Akasa Air) ਨੇ ਵੀ ਰਿਆਦ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਰਿਆਦ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ਨੇ 8 ਅਕਤੂਬਰ ਨੂੰ ਯਾਤਰੀਆਂ ਲਈ ਯਾਤਰਾ ਸਬੰਧੀ ਇੱਕ ਚੇਤਾਵਨੀ ਜਾਰੀ ਕੀਤੀ। ਹਵਾਈ ਅੱਡੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਪੁਸ਼ਟੀ ਕਰਨ ਲਈ ਸਿੱਧੇ ਆਪਣੀਆਂ ਏਅਰਲਾਈਨਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ। ਇਸ ਚਿਤਾਵਨੀ ਨੇ ਰਿਆਦ ਆਉਣ ਅਤੇ ਉੱਥੋਂ ਜਾਣ ਵਾਲੀਆਂ ਉਡਾਣਾਂ ਬਾਰੇ ਯਾਤਰੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਟਵੀਟ ਰਾਹੀਂ ਹਵਾਈ ਅੱਡੇ ਦੀ ਇਸ ਚਿਤਾਵਨੀ ਨੂੰ ਸਾਂਝਾ ਕੀਤਾ ਹੈ।
🔔Travel Alert by King Khalid International Airport, Riyadh @KKIASA
— India in Saudi Arabia (@IndianEmbRiyadh) October 8, 2026
‘ਫਲਾਈਟ ਰਡਾਰ 24’ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਦੱਸਿਆ ਕਿ ਸ਼ਾਮ 4:29 ਵਜੇ (ਭਾਰਤੀ ਮਿਆਰੀ ਸਮੇਂ ਅਨੁਸਾਰ) ਤੱਕ ਪਿਛਲੇ 80 ਮਿੰਟਾਂ ਦੌਰਾਨ ਰਿਆਦ ਹਵਾਈ ਅੱਡੇ ‘ਤੇ ਕੋਈ ਵੀ ਉਡਾਣ ਨਹੀਂ ਉਤਰੀ ਸੀ; ਇਸੇ ਦੌਰਾਨ, ਪਿਛਲੇ 90 ਮਿੰਟਾਂ ਤੋਂ ਹਵਾਈ ਅੱਡੇ ਤੋਂ ਕੋਈ ਵੀ ਜਹਾਜ਼ ਉਡਾਣ ਨਹੀਂ ਭਰ ਸਕਿਆ ਸੀ। ਹਾਲਾਂਕਿ, ਬਾਅਦ ਵਿੱਚ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਰਿਆਦ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ। ਇਹ ਗੌਰ ਕਰਨ ਵਾਲੀ ਗੱਲ ਹੈ ਕਿ ਹੂਤੀਆਂ ਵੱਲੋਂ ਹਮਲੇ ਦੇ ਦਾਅਵਿਆਂ ਤੋਂ ਬਾਅਦ ਪੂਰੇ ਖੇਤਰ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।

