ਮੌਂਟਰੀਅਲ : ਕੋਰੋਨਾ ਵੈਕਸੀਨ ਨਾਂ ਲਗਵਾਉਣ ਵਾਲਿਆਂ ‘ਤੇ ਹੁਣ ਕੈਨੇਡਾ ਦੀਆਂ ਹਵਾਈ ਕੰਪਨੀਆਂ ਆਪਣੇ ਮੁਲਾਜ਼ਮਾਂ ’ਤੇ ਸਖ਼ਤੀ ਵਰਤ ਰਹੀਆਂ ਹਨ। ਪਿਛਲੇ ਦਿਨੀਂ ਫੈਡਰਲ ਸਰਕਾਰ ਦੇ ਨਿਯਮਾਂ ਨੂੰ ਆਪਣੇ ਮੁਲਾਜ਼ਮਾਂ ’ਤੇ ਲਾਗੂ ਕਰਦਿਆਂ ਵੈਸਟਜੈੱਟ ਨੇ ਆਪਣੇ 300 ਮੁਲਾਜ਼ਮਾਂ ਮੁਅੱਤਲ ਕਰ ਦਿੱਤਾ ਸੀ ਤੇ ਹੁਣ ਏਅਰ ਕੈਨੇਡਾ ਨੇ ਵੀ ਵੱਡਾ ਕਦਮ ਚੁੱਕਦਿਆਂ ਟੀਕਾ ਨਾਂ ਲਗਵਾਉਣ ਵਾਲੇ ਆਪਣੇ 800 ਤੋਂ ਵੱਧ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਏਅਰ ਕੈਨੇਡਾ ਦੇ ਚੀਫ਼ ਐਗਜ਼ੀਕਿਊਟਿਵ ਮਾਈਕਲ ਰੂਸੋ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇ ਕੁੱਲ 27,000 ਕੈਬਿਨ ਕਰਿਊ, ਕਸਟਮਰ ਸਰਵਿਸ ਅਤੇ ਹੋਰ ਮੁਲਾਜ਼ਮ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।
ਇਸ ਦੇ ਚਲਦਿਆਂ ਕੰਪਨੀ ਵਿੱਚ 96 ਫੀਸਦੀ ਮੁਲਾਜ਼ਮਾਂ ਦਾ ਟੀਕਾਕਰਨ ਹੋ ਚੁੱਕਾ ਹੈ, ਪਰ ਜਿਹੜੇ ਮੁਲਾਜ਼ਮ ਵੈਕਸੀਨ ਦੀ ਖੁਰਾਕ ਲੈਣ ਤੋਂ ਇਨਕਾਰ ਕਰ ਰਹੇ ਹਨ, ਉਨ੍ਹਾਂ ਨੂੰ ਮੁਅੱਤਲ ਕਰਦੇ ਹੋਏ ਬਗ਼ੈਰ ਤਨਖਾਹ ਦੇ ਛੁੱਟੀ ’ਤੇ ਭੇਜਿਆ ਜਾ ਰਿਹਾ ਹੈ।
ਜੇਕਰ ਇਨ੍ਹਾਂ ਮੁਲਾਜ਼ਮਾਂ ਨੇ ਫਿਰ ਵੀ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਤਾਂ ਇਨ੍ਹਾਂ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਇਸ ਲਈ ਚੰਗਾ ਇਹੀ ਰਹੇਗਾ ਕਿ ਇਨ੍ਹਾਂ ਨੂੰ ਵੈਕਸੀਨ ਦੀ ਖੁਰਾਕ ਲੈ ਕੇ ਕੰਪਨੀ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।