ਟੋਰਾਂਟੋ : ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆ ਨੂੰ ਹੁਣ ਹਵਾਈ ਟਿਕਟਾਂ ਦੀ ਖਰੀਦ ‘ਚ ਛੋਟ ਮਿਲੇਗੀ। ਏਅਰ ਕੈਨੇਡਾ ਅਤੇ ਯੂਨੀਵਰਸਿਟੀ ਆਫ਼ ਵਿੰਡਸਰ ਵਿਚਾਲੇ ਹੋਏ ਸਮਝੌਤੇ ਨੂੰ ਦੇਖਦਿਆਂ ਵਿਦਿਆਰਥੀਆਂ ਨੂੰ ਕਿਫ਼ਾਇਤੀ ਦਰਾਂ ਤੇ ਹਵਾਈ ਸਫ਼ਰ ਦੀਆਂ ਟਿਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਕੈਨੇਡਾ ਦੇ ਹੋਰ ਵਿਦਿਅਕ ਅਦਾਰਿਆਂ ਵੱਲੋਂ ਅਜਿਹੇ ਸਮਝੌਤੇ ਦੀ ਯੋਜਨਾ ਬਣਾਈ ਜਾ ਰਹੀ ਹੈ। ਕੋਰੋਨਾ ਕਾਲ ਦੌਰਾਨ ਏਅਰਲਾਈਨਜ਼ ਦਾ ਕੰਮ ਘਟਣ ਕਾਰਨ ਹਵਾਈ ਕਿਰਾਇਆਂ ਵਿਚ ਵਾਧਾ ਕਰ ਦਿੱਤਾ ਗਿਆ ਸੀ ਪਰ ਕੌਮਾਂਤਰੀ ਵਿਦਿਆਰਥੀਆਂ ਨੂੰ ਵਾਜਬ ਦਰਾਂ ‘ਤੇ ਟਿਕਟ ਮਿਲੇਗੀ।
ਯੂਨੀਵਰਸਿਟੀ ਆਫ਼ ਵਿੰਡਸਰ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਕ੍ਰਿਸ ਬਸ਼ ਨੇ ਕਿਹਾ ਕਿ ਕਈ ਏਅਰਲਾਈਨਜ਼ ਵਿਦਿਆਰਥੀਆਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੀਆਂ ਸਨ ਜਿਸ ਨੂੰ ਵੇਖਦਿਆਂ ਏਅਰ ਕੈਨੇਡਾ ਨਾਲ ਸਮਝੌਤਾ ਕਰਦਿਆਂ ਵਾਜਬ ਦਰਾਂ ਤੈਅ ਕਰਵਾਈਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਵਿਦਿਅਕ ਸਫ਼ਰ ‘ਤੇ ਰਵਾਨਾ ਹੋਣ ਦੀ ਵਾਲੇ ਵਿਦਿਆਰਥੀਆਂ ਨੂੰ ਕਿਫ਼ਾਇਤੀ ਦਰਾਂ ‘ਤੇ ਟਿਕਟ ਮਿਲਣ ਨਾਲ ਕਾਫ਼ੀ ਬੱਚਤ ਹੋ ਜਾਵੇਗੀ ਅਤੇ ਉਹ ਕੈਨੇਡਾ ਵਿਚ ਰਹਿਣ ਦਾ ਪ੍ਰਬੰਧ ਸੁਖਾਲੇ ਤਰੀਕੇ ਨਾਲ ਕਰ ਸਕਣਗੇ।