ਅਹਿਮਦਾਬਾਦ ਵਿੱਚ ਜਸ਼ਨ : ਕੌਮੀ ਰਾਜਧਾਨੀ ਦਿੱਲੀ ਵਿੱਚ ਅੱਗਾਂ

TeamGlobalPunjab
5 Min Read

ਅਵਤਾਰ ਸਿੰਘ

ਦਿੱਲੀ ਵਿੱਚ ਅੱਜ ਕੱਲ੍ਹ ਪ੍ਰਦੂਸ਼ਣ ਕਾਫੀ ਵੱਧ ਗਿਆ ਹੈ। ਸਿਆਸੀ ਧੂੰਏਂ ਦਾ ਗੁਬਾਰ ਕਾਫੀ ਤੇਜ਼ ਹੋ ਗਿਆ ਲਗਦਾ ਹੈ। ਪਿਛੇ ਜਿਹੇ ਆਸਮਾਨ ਵਿੱਚ ਫੈਲੇ ਧੂੰਏਂ ਨੂੰ ਤਾਂ ਇੰਦਰ ਦੇਵਤੇ ਦੀ ਮੇਹਰ ਨਾਲ ਕੁਝ ਰਾਹਤ ਮਿਲ ਗਈ ਸੀ ਪਰ ਹਾਕਮਾਂ ਦੀ ਜ਼ਿਦ ਕਾਰਨ ਸਿਆਸੀ ਗਰਦ ਛੱਟਣ ਦਾ ਨਾਮ ਨਹੀਂ ਲੈ ਰਹੀ।

ਰਿਪੋਰਟਾਂ ਅਨੁਸਾਰ ਬੀਤੇ ਸੋਮਵਾਰ ਨੂੰ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਚ ਭਾਰਤ ਦੀ ਪਲੇਠੀ ਫੇਰੀ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੋਟੇਰਾ ਸਟੇਡੀਅਮ ਵਿੱਚ ਪੂਰੇ ਲਾਮ ਲਸ਼ਕਰ ਨਾਲ ਜਫੀਆਂ ਪਾ ਕੇ ਸਵਾਗਤ ਕਰ ਰਹੇ ਸਨ, ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ਼, ਖ਼ੁਰੇਜੀ ਖਾਸ ਤੇ ਭਜਨਪੁਰਾ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਇਸ ਦੇ ਹੱਕ ਤੇ ਵਿਰੋਧ ਵਿੱਚ ਖੜ੍ਹਨ ਵਾਲੀਆਂ ਦੋ ਧਿਰਾਂ ਵਿਚਾਲੇ ਹੋਈਆਂ ਸੱਜਰੀਆਂ ਝੜਪਾਂ ਵਿੱਚ ਦਿੱਲੀ ਪੁਲੀਸ ਦਾ ਇਕ ਹੌਲਦਾਰ ਤੇ ਤਿੰਨ ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ।

ਰਿਪੋਰਟਾਂ ਵਿਚ ਇਹ ਵੀ ਪਤਾ ਲਗਾ ਕਿ ਝੜਪਾਂ ਦੌਰਾਨ ਨੀਮ ਫੌਜੀ ਬਲ ਤੇ ਦਿੱਲੀ ਪੁਲੀਸ ਦੇ ਅਮਲੇ ਸਮੇਤ ਘੱਟੋ-ਘੱਟ 50 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਪੁਲੀਸ ਦਾ ਇਕ ਡੀਸੀਪੀ ਵੀ ਸ਼ਾਮਲ ਹੈ।

- Advertisement -

ਪ੍ਰਦਰਸ਼ਨਕਾਰੀਆਂ ਨੇ ਕਈ ਘਰਾਂ, ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਇਕ ਦੂਜੇ ’ਤੇ ਖੂਬ ਪੱਥਰਬਾਜ਼ੀ ਕੀਤੀ। ਪੁਲੀਸ ਨੂੰ ਹਿੰਸਕ ਹੋਏ ਹਜੂਮ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ ਤੇ ਲਾਠੀਚਾਰਜ ਵੀ ਕੀਤਾ। ਪੁਲੀਸ ਨੇ ਹਿੰਸਾ ਦੀ ਮਾਰ ਹੇਠ ਆਏ ਖੇਤਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ।

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਤ ਦੇ ਮੱਦੇਨਜ਼ਰ ਐਮਰਜੈਂਸੀ ਮੀਟਿੰਗ ਬੁਲਾ ਕੇ ਹਾਲਾਤ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਉਪ ਰਾਜਪਾਲ ਅਨਿਲ ਬੈਜਲ, ਗ੍ਰਹਿ ਸਕੱਤਰ ਅਜੈ ਭੱਲਾ ਤੇ ਦਿੱਲੀ ਪੁਲੀਸ ਦੇ ਕਮਿਸ਼ਨਰ ਅਮੁਲਿਆ ਪਟਨਾਇਕ ਵੀ ਹਾਜ਼ਰ ਸਨ। ਮੀਟਿੰਗ ਤੋਂ ਫੌਰੀ ਮਗਰੋਂ ਦਿੱਲੀ ਪੁਲੀਸ ਨੇ ਉੱਤਰ-ਪੂਰਬੀ ਦਿੱਲੀ ’ਚ ਦਸ ਥਾਵਾਂ ਅਤੇ ਕੇਂਦਰੀ ਦਿੱਲੀ ਵਿੱਚ ਦਿੱਲੀ ਪੁਲੀਸ ਹੈੱਡਕੁਆਰਟਰ ਨੇੜੇ ਪਾਬੰਦੀਆਂ ਲਗਾ ਦਿੱਤੀਆਂ ਹਨ। ਪੁਲੀਸ ਤੋਂ ਇਲਾਵਾ ਅੱਠ ਸੀਆਰਪੀਐੱਫ ਕੰਪਨੀਆਂ ਜਿਨ੍ਹਾਂ ਵਿੱਚ ਦੋ ਰੈਪਿਡ ਐਕਸ਼ਨ ਫੋਰਸ ਤੇ ਇਕ ਕੰਪਨੀ ਮਹਿਲਾ ਸੁਰੱਖਿਆ ਅਮਲ ਦੀ ਹੈ, ਤਾਇਨਾਤ ਕੀਤੀਆਂ ਗਈਆਂ ਹਨ। ਉਧਰ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਿੰਸਾਗ੍ਰਸਤ ਉੱਤਰ-ਪੂਰਬੀ ਇਲਾਕਿਆਂ ਵਿੱਚ ਸਰਕਾਰੀ ਤੇ ਨਿੱਜੀ ਸਕੂਲ ਮੰਗਲਵਾਰ ਨੂੰ ਬੰਦ ਰਹਿਣਗੇ। ਉਨ੍ਹਾਂ ਐੱਚਆਰਡੀ ਮੰਤਰਾਲੇ ਨੂੰ ਮੰਗਲਵਾਰ ਨੂੰ ਹੋਣ ਵਾਲੀ ਬੋਰਡ ਪ੍ਰੀਖਿਆ ਅੱਗੇ ਪਾਉਣ ਦੀ ਅਪੀਲ ਵੀ ਕੀਤੀ ਹੈ।

ਹਿੰਸਾ ਵਿੱਚ ਮਾਰੇ ਗਏ ਹੈੱਡ ਕਾਂਸਟੇਬਲ ਦੀ ਪਛਾਣ ਰਤਨ ਲਾਲ ਦੱਸੀ ਗਈ ਹੈ ਤੇ ਉਹ ਏਸੀਪੀ ਦਫ਼ਤਰ ਗੋਕੁਲਪੁਰੀ ਵਿੱਚ ਤਾਇਨਾਤ ਸੀ। ਝੜਪਾਂ ਦੌਰਾਨ ਜ਼ਖ਼ਮੀ ਹੋਏ ਤਿੰਨ ਹੋਰ ਸਿਵਲੀਅਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜ਼ਖ਼ਮੀਆਂ ਵਿੱਚ ਸੀਆਰਪੀਐੱਫ ਦੇ ਦੋ ਜਵਾਨਾਂ ਤੇ ਡੀਸੀਪੀ ਸ਼ਾਹਦਰਾ ਅਮਿਤ ਸ਼ਰਮਾ ਸਮੇਤ ਪੁਲੀਸ ਅਮਲੇ ਦੇ ਕੁਲ 11 ਮੈਂਬਰ ਸ਼ਾਮਲ ਹਨ।

ਹਿੰਸਾ ਮਗਰੋਂ ਦਿੱਲੀ ਮੈਟਰੋ ਨੇ ਪਿੰਕ ਲਾਈਨ ’ਤੇ ਪੈਂਦੇ ਆਪਣੇ ਪੰਜ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਟਵੀਟ ਕੀਤਾ, ‘ਜਾਫ਼ਰਾਬਾਦ, ਮੌਜਪੁਰ-ਬਾਬਰਪੁਰ, ਗੋਕੁਲਪੁਰੀ, ਜੌਹਰੀ ਐਨਕਲੇਵ ਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨਾਂ ਦੇ ਦਾਖ਼ਲਾ ਤੇ ਬਾਹਰ ਜਾਣ ਵਾਲੇ ਗੇਟ ਬੰਦ ਕਰ ਦਿੱਤੇ ਗਏ ਹਨ।

ਮੌਜਪੁਰ ਵਿੱਚ ਸੀਏਏ ਵਿਰੋਧੀਆਂ ਤੇ ਹਮਾਇਤੀਆਂ ਨੇ ਇਕ ਦੂਜੇ ’ਤੇ ਪੱਥਰਬਾਜ਼ੀ ਕੀਤੀ। ਜਾਫ਼ਰਾਬਾਦ ਵਿਚ ਪੁਲੀਸ ਨੂੰ ਹਿੰਸਕ ਹਜੂਮ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਨਾ ਪਿਆ। ਮੌਜਪੁਰ ਤੇ ਭਜਨਪੁਰਾ ਖੇਤਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਦੁਕਾਨਾਂ ਤੇ ਘਰਾਂ ਦੀ ਭੰਨ-ਤੋੜ ਕੀਤੀ ਤੇ ਮਗਰੋਂ ਇਨ੍ਹਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ਹੱਥ ਵਿੱਚ ਬੰਦੂਕ ਲੈ ਕੇ ਦਿੱਲੀ ਪੁਲੀਸ ਦੇ ਮੁਲਾਜ਼ਮ ਵੱਲ ਵਧਦਾ ਨਜ਼ਰ ਆਇਆ। ਇਸ ਪ੍ਰਦਰਸ਼ਨਕਾਰੀ ਨੇ ਮਗਰੋਂ ਹਵਾ ਵਿੱਚ ਕੁਝ ਗੋਲੀਆਂ ਵੀ ਚਲਾਈਆਂ। ਅਧਿਕਾਰੀਆਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਭਜਨਪੁਰਾ ਚੌਕ ਵਿੱਚ ਇਕ ਅੱਗ ਬੁਝਾਊ ਗੱਡੀ ਦੀ ਵੀ ਭੰਨਤੋੜ ਕੀਤੀ। ਇਸ ਫਾਇਰ ਟੈਂਡਰ ਨੂੰ ਖੇਤਰ ਵਿੱਚ ਅੱਗ ਬੁਝਾਉਣ ਲਈ ਸੱਦਿਆ ਗਿਆ ਸੀ।

- Advertisement -

ਉਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਕੌਮੀ ਰਾਜਧਾਨੀ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਹਾਲ ਕੀਤੇ ਜਾਣ ਦੀ ਅਪੀਲ ਕੀਤੀ। ਉਪ ਰਾਜਪਾਲ ਅਨਿਲ ਬੈਜਲ ਨੇ ਦਿੱਲੀ ਪੁਲੀਸ ਦੇ ਕਮਿਸ਼ਨਰ ਅਮੁਲਿਆ ਪਟਨਾਇਕ ਨੂੰ ਸਥਿਤੀ ਕਾਬੂ ਹੇਠ ਲਿਆਉਣ ਦੀ ਹਦਾਇਤ ਕੀਤੀ ਹੈ।

ਰਿਪੋਰਟਾਂ ਮੁਤਾਬਿਕ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਵੀ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਅੱਗਜ਼ਨੀ ਤੇ ਝੜਪ ਦੀਆਂ ਘਟਨਾਵਾਂ ਤੋਂ ਇਕ ਦਿਨ ਮਗਰੋਂ ਅਲੀਗੜ੍ਹ ਦੇ ਕੋਤਵਾਲੀ ਤੇ ਦਿੱਲੀ ਗੇਟ ਪੁਲੀਸ ਸਟੇਸ਼ਨਾਂ ਅਧੀਨ ਆਉਂਦੇ ਖੇਤਰਾਂ ਵਿੱਚ ਤਣਾਅ ਭਰੀ ਸ਼ਾਂਤੀ ਰਹੀ।

ਦੇਸ਼ ਵਿਚ ਬਣ ਰਹੇ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਹਾਕਮ ਧਿਰਾਂ ਨੂੰ ਸਿਰ ਜੋੜ ਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਿਆਸਤ ਵਿੱਚ ਉਹੀ ਹਾਕਮ ਸਹੀ ਅਤੇ ਸਿਆਣਾ ਸਿੱਧ ਹੁੰਦਾ ਜੋ ਸਮੇਂ ਸਿਰ ਸਹੀ ਫੈਸਲਾ ਲੈ ਲਵੇ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।

Share this Article
Leave a comment