ਅਹਿਮਦਾਬਾਦ ਜਹਾਜ਼ ਹਾਦਸੇ ਨੇ ਕਈ ਪਰਿਵਾਰਾਂ ਨੂੰ ਉਜਾੜ ਦਿੱਤਾ। ਰਾਜਸਥਾਨ ਦੇ ਬਾਂਸਵਾੜਾ ਨਾਲ ਸਬੰਧਤ ਡਾ. ਪ੍ਰਦੀਪ ਵਿਆਸ ਦਾ ਪੂਰਾ ਪਰਿਵਾਰ ਇਸ ਹਾਦਸੇ ਦੀ ਭੇਂਟ ਚੜ੍ਹ ਗਿਆ। ਹਾਦਸੇ ਤੋਂ ਪਹਿਲਾਂ ਦੀ ਉਨ੍ਹਾਂ ਦੀ ਇੱਕ ਸੈਲਫੀ ਸਾਹਮਣੇ ਆਈ ਹੈ, ਜੋ ਦਿਲ ਨੂੰ ਚੀਰ ਦਿੰਦੀ ਹੈ। ਇਸ ਤਸਵੀਰ ਵਿੱਚ ਡਾ. ਪ੍ਰਦੀਪ ਵਿਆਸ, ਉਨ੍ਹਾਂ ਦੀ ਪਤਨੀ ਡਾ. ਕੋਨੀ ਵਿਆਸ, ਅਤੇ ਉਨ੍ਹਾਂ ਦੇ ਤਿੰਨ ਬੱਚੇ ਪ੍ਰਦਯੁਤ ਜੋਸ਼ੀ, ਮਿਰਾਇਆ ਜੋਸ਼ੀ, ਅਤੇ ਨਕੁਲ ਜੋਸ਼ੀ ਖੁਸ਼ੀ ਨਾਲ ਲੰਡਨ ਦੀ ਯਾਤਰਾ ਦੀ ਤਿਆਰੀ ਵਿੱਚ ਦਿਖਾਈ ਦੇ ਰਹੇ ਹਨ। ਇਹ ਸੈਲਫੀ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਲਈ ਗਈ ਸੀ, ਜੋ ਹੁਣ ਉਨ੍ਹਾਂ ਦੀ ਆਖਰੀ ਯਾਦ ਬਣ ਗਈ। ਇਸ ਹਾਦਸੇ ਵਿੱਚ ਵਿਆਸ ਪਰਿਵਾਰ ਦੇ ਸਾਰੇ ਪੰਜ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ।
ਡਾ. ਕੋਨੀ ਵਿਆਸ ਉਦੈਪੁਰ ਦੇ ਪੈਸੀਫਿਕ ਹਸਪਤਾਲ ਵਿੱਚ ਸੇਵਾ ਨਿਭਾਉਂਦੀ ਸੀ, ਜਦਕਿ ਉਨ੍ਹਾਂ ਦੇ ਪਤੀ ਡਾ. ਪ੍ਰਦੀਪ ਵਿਆਸ ਲੰਡਨ ਵਿੱਚ ਡਾਕਟਰ ਸਨ। ਕੁਝ ਸਮੇਂ ਪਹਿਲਾਂ ਡਾ. ਕੋਨੀ ਨੇ ਲੰਡਨ ਵਿੱਚ ਆਪਣੇ ਪਤੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਉਦੈਪੁਰ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਸੀ। ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਡਾ. ਕੋਨੀ ਨੇ ਇੱਕ ਮਹੀਨਾ ਪਹਿਲਾਂ ਅਸਤੀਫਾ ਦਿੱਤਾ ਸੀ, ਕਿਉਂਕਿ ਉਹ ਆਪਣੇ ਪਰਿਵਾਰ ਨਾਲ ਲੰਡਨ ਸ਼ਿਫਟ ਹੋਣ ਵਾਲੀ ਸੀ। ਕੋਨੀ ਮੂਲ ਰੂਪ ਵਿੱਚ ਬਾਂਸਵਾੜਾ ਦੀ ਵਸਨੀਕ ਸੀ। ਉਨ੍ਹਾਂ ਦੇ ਪਰਿਵਾਰ ਦੀ ਇੱਕ ਹੋਰ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸਾਰੇ ਘਰ ਵਿੱਚ ਇਕੱਠੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਰਾਜਸਥਾਨ ਦੇ 11 ਵਸਨੀਕਾਂ ਦੀ ਮੌਤ
ਇਸ ਜਹਾਜ਼ ਹਾਦਸੇ ਵਿੱਚ ਰਾਜਸਥਾਨ ਦੇ 11 ਲੋਕਾਂ ਦੀ ਮੌਤ ਹੋਈ, ਜੋ ਉਦੈਪੁਰ, ਬਾਂਸਵਾੜਾ, ਬੀਕਾਨੇਰ, ਅਤੇ ਬਲੋਤਰਾ ਜ਼ਿਲ੍ਹਿਆਂ ਨਾਲ ਸਬੰਧਤ ਸਨ। ਡਾ. ਵਿਆਸ ਦੇ ਪਰਿਵਾਰ ਤੋਂ ਇਲਾਵਾ, ਉਦੈਪੁਰ ਦੇ ਇੱਕ ਸੰਗਮਰਮਰ ਵਪਾਰੀ ਦੇ ਪੁੱਤਰ ਅਤੇ ਧੀ ਵੀ ਇਸ ਜਹਾਜ਼ ਵਿੱਚ ਸਨ, ਜੋ ਲੰਡਨ ਦੀ ਯਾਤਰਾ ‘ਤੇ ਜਾ ਰਹੇ ਸਨ। ਇਸ ਤੋਂ ਇਲਾਵਾ, ਉਦੈਪੁਰ ਦੇ ਇੱਕ ਪਿੰਡ ਦੇ ਦੋ ਨੌਜਵਾਨ, ਜੋ ਲੰਡਨ ਵਿੱਚ ਅਹਿਮਦਾਬਾਦ ਦੇ ਇੱਕ ਵਪਾਰੀ ਦੇ ਘਰ ਰਸੋਈਏ ਵਜੋਂ ਕੰਮ ਕਰਦੇ ਸਨ, ਅਤੇ ਬੀਕਾਨੇਰ ਦਾ ਇੱਕ ਨੌਜਵਾਨ ਵੀ ਇਸ ਤਰਾਸਦੀ ਵਿੱਚ ਜਾਨ ਗੁਆ ਬੈਠਾ।