ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਨੇ ਬੀਤੇ ਦਿਨੀਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਛਾਪਾ ਦੇ ਵਸਨੀਕ ਸ਼੍ਰੀ ਜਸਵਿੰਦਰ ਸਿੰਘ ਨਾਲ ਇੱਕ ਸਮਝੌਤਾ ਕੀਤਾ। ਇਹ ਸਮਝੌਤਾ ਪੱਕੇ ਗੁੰਬਦ ਵਾਲੇ ਪੀ.ਏ.ਯੂ. ਘਰੇਲੂ ਪੱਧਰ ਦੇ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ। ਚੇਤੇ ਰਹੇ ਕਿ ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ ਹਰ ਰੋਜ਼ ਇੱਕ ਮੀਟਰਿਕ ਕਿਊਬ ਤੋਂ ਲੈ ਕੇ 25 ਮੀਟਰਿਕ ਕਿਊਬ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸ਼੍ਰੀ ਜਸਵਿੰਦਰ ਸਿੰਘ ਬਰਨਾਲਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ। ਇਸ ਸਮਝੌਤੇ ਮੁਤਾਬਿਕ ਇਸ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਧਿਰ ਕੋਲ ਮੌਜੂਦ ਰਹਿਣਗੇ।
ਇਸ ਮੌਕੇ ਡਾ. ਨਵਤੇਜ ਸਿੰਘ ਬੈਂਸ, ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਐੱਸ ਐੱਸ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ।
ਵਧੀਕ ਨਿਰਦੇਸ਼ਕ ਖੋਜ ਬਾਗਬਾਨੀ ਫਾਰਮ ਮਸ਼ੀਨਰੀ ਅਤੇ ਬਾਇਓ ਊਰਜਾ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਅਮਰਜੀਤ ਕੌਰ ਨੇ ਡਾ. ਰਾਜਨ ਅਗਰਵਾਲ ਅਤੇ ਉਹਨਾਂ ਦੀ ਟੀਮ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ।
ਡਾ. ਰਾਜਨ ਅਗਰਵਾਲ ਨੇ ਇਸ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਰਾਹੀਂ ਗੈਸ ਬਨਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਪੋਲਟਰੀ ਫਾਰਮ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਨਾ ਸਿਰਫ ਬਿਹਤਰ ਮਿਆਰ ਦੀ ਖਾਣਾ ਬਨਾਉਣ ਵਾਲੀ ਗੈਸ ਹੀ ਪੈਦਾ ਹੁੰਦੀ ਹੈ ਬਲਕਿ ਖਾਦ ਦੀ ਵਰਤੋਂ ਕਰਕੇ ਜ਼ਮੀਨ ਦੀ ਸਿਹਤ ਅਤੇ ਫਸਲਾਂ ਦੀ ਉਪਜ ਨੂੰ ਵਧਾਇਆ ਜਾ ਸਕਦਾ ਹੈ।
ਡਾ. ਐੱਸ ਐੱਸ ਸੂਚ ਨੇ ਵੀ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪਲਾਂਟ ਦੀ ਉਸਾਰੀ ਇੱਟਾਂ ਨਾਲ ਕੀਤੀ ਜਾ ਸਕਦੀ ਹੈ । ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁੱਕਵਾਂ ਹੈ । ਇਸ ਤਰ੍ਹਾਂ ਬਣਾਏ ਬਾਇਓਗੈਸ ਪਲਾਂਟ ਦਾ ਖਰਚਾ ਰਵਾਇਤੀ ਪਲਾਂਟਾਂ ਦੇ ਮੁਕਾਬਲੇ ਕਾਫੀ ਘੱਟ ਹੈ ਅਤੇ ਇਸ ਦੀ ਮੁਰੰਮਤ ਉੱਪਰ ਖਰਚ ਵੀ ਘੱਟ ਆਉਂਦਾ ਹੈ । ਇਸ ਪਲਾਂਟ ਦੀ ਮਿਆਦ ਵੀ ਤਕਰੀਬਨ 25 ਸਾਲ ਹੈ ਅਤੇ ਇਹ ਸਾਰਾ ਢਾਂਚਾ ਜ਼ਮੀਨ ਹੇਠ ਹੁੰਦਾ ਹੈ।ਇਸ ਮੌਕੇ ਤਕਨਾਲੋਜੀ ਮਾਰਕੀਟਿੰਗ ਸੈੱਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 62 ਤਕਨੀਕਾਂ ਦੇ ਪਸਾਰ ਲਈ 262 ਸੰਧੀਆਂ ਕੀਤੀਆਂ ਹਨ।