ਅੰਮ੍ਰਿਤਸਰ – ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਵਾਅਦਾ ਕੀਤਾ ਹੈ, ਕਿ ਭਾਰਤ ਗਠਜੋੜ ਦੀ ਸਰਕਾਰ ਬਣਦੇ ਹੀ ਹਰ ਖੇਤੀ ਵਸਤੂ ਨੂੰ ਜੀ.ਐਸ.ਟੀ. ਮੁਕਤ ਕਰ ਦਿੱਤਾ ਜਾਵੇਗਾ। ਉੱਹ ਅੱਜ ਕਾਂਗਰਸ ਦੇ ਅੰਮ੍ਰਿਤਸਰ ਲੋਕ ਸਭਾ ਹਲਕਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਨਿਰਾਸ਼ਾ ਹੈ। ਨਸ਼ਾ ਪੰਜਾਬ ਦੇ ਭਵਿੱਖ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਲੋਕ ਰੁਜ਼ਗਾਰ ਲਈ ਪੰਜਾਬ ਤੋਂ ਪਰਵਾਸ ਕਰਨ ਲਈ ਮਜ਼ਬੂਰ ਹਨ, ਇਹੀ ਕਾਰਨ ਹੈ ਕਿ ਪਿੰਡ ਖਾਲੀ ਹੁੰਦੇ ਜਾ ਰਹੇ ਹਨ, ਕਿਉਂਕਿ ਲੋਕ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਨਸ਼ੇ ਦੀ ਲਪੇਟ ਵਿੱਚ ਆਉਣ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਗਲਤ ਜੀਐਸਟੀ ਨੇ ਪੰਜਾਬ ਦੇ ਐਮ.ਐਸ.ਐਮ.ਈ. ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਸ ਪ੍ਰਕਿਰਿਆ ਨੂੰ ਸਰਲ ਬਣਾਵਾਂਗੇ ਅਤੇ ਛੋਟੇ ਉਦਯੋਗਾਂ ਦੀ ਮਦਦ ਕਰਾਂਗੇ।
ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਸਤਾਂ ‘ਤੇ ਜੀ.ਐਸ.ਟੀ. ਵੀ ਨਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਜਾਂਚ ਏਜੰਸੀਆਂ ਵੱਲੋਂ ਕਾਰੋਬਾਰੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਸਾਡੀ ਸਰਕਾਰ ਇਨ੍ਹਾਂ ਸਮੱਸਿਆਵਾਂ ਨੂੰ ਵੀ ਖਤਮ ਕਰੇਗੀ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਘੱਟ ਜ਼ਮੀਨ ‘ਤੇ ਵੀ ਏਨਾ ਅਨਾਜ ਉਗਾਉਂਦੇ ਹਨ, ਜਿਸ ਕਾਰਨ ਦੇਸ਼ ਦੇ ਅਨਾਜ ਭੰਡਾਰ ਭਰੇ ਰਹਿੰਦੇ ਹਨ ਪਰ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠ ਗਏ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ ਦੀ ਗੱਲ ਵੀ ਨਹੀਂ ਸੁਣੀ। ਕਿਸਾਨ ਅੰਦੋਲਨ ਵਿੱਚ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਪਰ ਨਰਿੰਦਰ ਮੋਦੀ ਨੇ ਕੋਈ ਪ੍ਰਵਾਹ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇਕਰ ਭਾਰਤ ਗਠਜੋੜ ਦੀ ਸਰਕਾਰ ਬਣੀ ਤਾਂ ਛੇ ਦਿੱਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ, ਜਿਸ ਵਿੱਚ ਨੌਜਵਾਨਾਂ ਨੂੰ ਪੱਕੀ ਨੌਕਰੀ, ਹਰ ਗਰੀਬ ਪਰਿਵਾਰ ਦੀ ਇੱਕ ਔਰਤ ਨੂੰ 1 ਲੱਖ ਰੁਪਏ ਪ੍ਰਤੀ ਸਾਲ, ਮਜ਼ਦੂਰਾਂ ਨੂੰ ਘੱਟੋ-ਘੱਟ ਦਿਹਾੜੀ 400 ਰੁਪਏ, ਕਾਨੂੰਨੀ ਐੱਮ.ਐੱਸ.ਪੀ. ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗਾ ਅਤੇ 10 ਕਿਲੋ ਅਨਾਜ਼ ਮੁਫ਼ਤ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਦੇਸ਼ ਨੂੰ ਸੰਵਿਧਾਨ ਮੁਤਾਬਕ ਚਲਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲਾ ਤਾਂ ਬਹੁਤ ਕਰਦੇ ਹਨ ਪਰ ਕੰਮ ਘੱਟ ਕਰਦੇ ਹਨ। ਮੋਦੀ ਨੇ ਸੱਭ ਦਾ ਸਾਥ ਸੱਭ ਦਾ ਵਿਕਾਸ ਦਾ ਵਾਅਦਾ ਕੀਤਾ ਸੀ ਪਰ ਸੱਭ ਦਾ ਸਾਥ ਤਾਂ ਲਿਆ ਪਰ ਸਭ ਦੇ ਵਿਕਾਸ ਦੀ ਜਗ੍ਹਾ ਸੱਭ ਦਾ ਸੱਤਿਆਨਾਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮੋਦੀ ਜਾਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਸਗੋਂ ਇੱਕ ਵਿਚਾਰਧਾਰਾ ਦੇ ਖਿਲਾਫ ਹਨ ਜੋ ਦੇਸ਼ ਦੇ ਸੰਵਿਧਾਨ ਨੂੰ ਬਦਲਣ ‘ਤੇ ਤੁਲੀ ਹੋਈ ਹੈ ਅਤੇ ਤਾਨਾਸ਼ਾਹੀ ਸਰਕਾਰ ਚਲਾ ਰਹੀ ਹੈ, ਇਸੇ ਲਈ ਹੁਣ ਭਾਰਤ ਵਿੱਚ ਗਠਜੋੜ ਸਰਕਾਰ ਜੋ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਬਣੇਗੀ ਬਣਾਉਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਅਸੀਂ ਸਾਰੇ ਇੱਕ ਮੰਚ ‘ਤੇ ਇਕੱਠੇ ਹੋਏ ਹੈ। ਇਸ ਮੌਕੇ ਪੰਜਾਬ ਇੰਚਾਰਜ ਦਵਿੰਦਰ ਯਾਦਵ, ਸਾਬਕਾ ਡਿਪਟੀ ਸੀ.ਐੱਮ. ਓਮ ਪ੍ਰਕਾਸ਼ ਸੋਨੀ, ਡਾ: ਰਾਜਕੁਮਾਰ ਵੇਰਕਾ, ਜਸਬੀਰ ਸਿੰਘ ਡਿੰਪਾ, ਹਰਪ੍ਰਤਾਪ ਸਿੰਘ ਅਜਨਾਲਾ, ਅਸ਼ਵਨੀ ਪੱਪੂ, ਸਾਬਕਾ ਵਿਧਾਇਕ ਸੁਨੀਲ ਦੱਤੀ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਬੱਬੀ ਪਹਿਲਵਾਨ, ਸਨਪ੍ਰੀਤ ਔਜਲਾ ਅਤੇ ਨਰਿੰਦਰ ਤੁੰਗ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਹਾਜ਼ਰ ਸਨ।