ਭਾਖੜਾ ਡੈਮ ਤੋਂ ਬਾਅਦ ਹੁਣ ਸਤਲੁਜ ਨੇ ਧਾਰਿਆ ਭਿਅੰਕਰ ਰੂਪ, ਸਵਾ ਲੱਖ ਲੋਕ ਜਾਨ ਬਚਾਉਣ ਲਈ ਘਰਾਂ ਵਿੱਚੋਂ ਭੱਜੇ, ਲੱਖਾਂ ਘਰ ਬਰਬਾਦ ਹੋਣ ਕੰਡੇ, ਪ੍ਰਸ਼ਾਸਨ ਹਾਈ ਅਲਰਟ ‘ਤੇ

TeamGlobalPunjab
5 Min Read

ਜਲੰਧਰ : ਭਾਖੜਾ ਡੈਮ ‘ਚ ਪਾਣੀ ਦੀ ਆਮਦ ਨੂੰ ਦੇਖਦਿਆਂ ਜਿੱਥੇ ਇੱਕ ਪਾਸੇ ਡੈਮ ਦੇ ਚਾਰ ਫਲੱਡ ਗੇਟ ਖੁੱਲ੍ਹਣ ਕਾਰਨ ਅਨੰਦਪੁਰ ਸਾਹਿਬ ਦੇ ਕਈ ਪਿੰਡ ਪਾਣੀ ਦੀ ਲਪੇਟ ਵਿੱਚ ਹਨ ਉੱਥੇ ਦੂਜੇ ਪਾਸੇ ਜਲੰਧਰ ਦੇ ਨਾਲ ਲਗਦੇ ਸਤਲੁਜ ਦਰਿਆ ਨੇ ਵੀ ਭਿਅੰਕਰ ਰੂਪ ਧਾਰਨ ਕਰ ਲਿਆ ਹੈ। ਹਾਲਾਤ ਇਹ ਹਨ ਪਾਣੀ ਲਗਤਾਰ ਮਾਰ ਕਰਦਾ ਅੱਗੇ ਵਧਿਆ ਤੁਰਿਆ ਜਾ ਰਿਹਾ ਹੈ ਤੇ ਇਸ ਨੂੰ ਦੇਖਦਿਆਂ ਚਾਰੇ ਪਾਸੇ ਹਾ-ਹਾ-ਕਾਰ ਮੱਚ ਗਈ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨਲ ਮੈਜਿਸਟ੍ਰੇਟਸ ਨੂੰ ਸ਼ਾਹਕੋਟ ਡਵੀਜ਼ਨ ਦੇ 63 ਪਿੰਡਾਂ, ਨਕੋਦਰ ਡਵੀਜ਼ਨ ਦੇ 5 ਪਿੰਡਾਂ ਅਤੇ ਫਿਲੌਰ ਡਵੀਜ਼ਨ ਦੇ 13 ਨੂੰ ਖਾਲੀ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ, ਤੇ ਇਹ ਉਸ ਹਾਲਤ ਵਿੱਚ ਜਦੋਂ ਮੌਸਮ ਵਿਭਾਗ ਵੱਲੋਂ ਦਿੱਤੀ ਭਾਰੀ ਮੀਂਹ ਦੀ ਚੇਤਾਵਨੀ ਦਾ ਅੱਜ ਦੂਜਾ ਦਿਨ ਹੈ ਜਦਕਿ ਚੇਤਾਵਨੀ 48 ਤੋਂ 72 ਘੰਟੇ ਤੱਕ ਦਿੱਤੀ ਗਈ ਸੀ।

ਜਲੰਧਰ ਦੇ ਜਿਨ੍ਹਾਂ ਪਿੰਡਾਂ ਨੂੰ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਸੰਧਨਵਾਲ, ਫਜ਼ਲਵਾਲਾ, ਕੌਂਤ ਬੱਗਾ, ਕੋਠਾ, ਮੁੰਡੀ ਚੋਲੀਆਂ,ਮਹਾਰਾਜਵਾਲਾ, ਚਾਹਲ, ਜਨੀਆਂ, ਗੱਟ ਰਾਏਪੁਰ, ਭਗਵਾਨ, ਚੱਕ ਗੱਡੀਆਂਪੁਰ, ਜਤੌਰ ਕਲਾਂ, ਕਮਾਲਪੁਰ, ਰੋਹੜੂ, ਨਵਾਂ ਪਿੰਡ ਖਲੇਵਾਲ, ਤਲਵੰਡੀ ਬੂਟੀਆਂ, ਅਲਦਾਲਪੁਰ, ਬਾਜਵਾ ਖੁਰਦ, ਭੋਏਪੁਰ, ਫਕਰੂਵਾਲ, ਸੰਡ, ਮੰਡੀ ਸ਼ੇਰੀਆਂ, ਗੱਟਾ ਮੁੰਡੀ ਕਾਸੂ, ਚੱਕ ਵਡਾਲਾ, ਜਨੀਆਂ, ਰਾਜਾਵਾਲੀ, ਚੱਕ ਬਾਹਮਣੀਆਂ, ਤੇਹਰਪੁਰ, ਰਾਮੇ, ਲੌਂਗੋਵਾਲ, ਮਨੋਮੱਛੀ, ਲੋਹਗੜ੍ਹ, ਬਾਓਪੁਰ, ਦਾਨੇਵਾਲ, ਹੱਠੀਆਂ, ਮੰਡਾਲਾ ਛਾਨਾ, ਕੁਤਬੇਵਾਲ, ਦਰੇਵਾਲ, ਗਿੱਦੜਪਿੰਡੀ, ਜਲਾਲਪੁਰ ਖੁਰਦ, ਤੇਹ ਖੁਸ਼ਹਾਲਗੜ, ਕੰਗ ਖੁਰਦ, ਗੱਤੀ ਪੀਰਬਕਸ਼, ਰਾਏਪੁਰ, ਮੋਬਰੀਵਾਲ, ਹੇਰਾਂ, ਕੋਟਲੀ ਕੰਬੋਆਂ, ਕੱਕੜ ਖੁਰਦ, ਕੱਕੜ ਕਲਾਂ, ਮਾਣਕਪੁਰ, ਜਾਫੋਰਵਾਲ, ਕੋਹਾਰ ਖੁਰਦ, ਪੱਤੋ ਖੁਰਦ, ਪੱਤੋ ਕਲਾਂ, ਤੇਹਾਰਪੁਰ, ਸੰਗਤਪੁਰ, ਕਿੱਲੀ ਸਾਰੰਗਵਾਲ, ਬਾਜਵਾ ਕਲਾਂ, ਬੁੱਢਾ ਵਾਲਾ ਅਤੇ ਸਹਿਲਪੁਰ ਦੇ ਨਾਮ ਸ਼ਾਮਲ ਹਨ।

ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕਰਨ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪ੍ਰਸ਼ਾਸਨ ਅਨੁਸਾਰ ਖਤਰੇ ਨੂੰ ਦੇਖਦਿਆਂ ਐਨਡੀਆਰਐਫ ਦੀਆਂ ਟੀਮਾਂ ਸੱਦ ਲਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਨਕੋਦਰ, ਸ਼ਾਹਕੋਟ, ਅਤੇ ਫਿਲੌਰ ਵਿਖੇ ਤਿੰਨ ਟੀਮਾਂ ਭੇਜੀਆਂ ਗਈਆਂ ਹਨ। ਉੱਧਰ ਦੂਜੇ ਪਾਸੇ ਸੂਤਰਾਂ ਅਨੁਸਾਰ ਹਿਮਾਚਲ ਦੇ ਪਹਾੜਾਂ ਵਿੱਚ ਬੀਤੇ ਕੱਲ੍ਹ ਤੋਂ ਭਾਰੀ ਮੀਂਹ ਪੈਣ ਕਾਰਨ ਹੇਠਲੇ ਇਲਾਕਿਆਂ ਵਿੱਚ ਸਥਿਤ ਡੈਮ ਲਪਾ-ਲੱਪ ਭਰ ਗਏ ਹਨ ਤੇ ਦਰਿਆਵਾਂ, ਨਦੀਆਂ ਅਤੇ ਬਰਸਾਤੀ ਨਾਲਿਆਂ ਅੰਦਰ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਡੈਮ ਵਿੱਚੋਂ ਅੱਜ ਸ਼ਾਮ ਛੇ ਵਜੇ ਤੱਕ ਵੱਧ ਪਾਣੀ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਕਾਰਨ ਸ਼ਾਹਕੋਟ ਦੇ ਨੇੜੇ-ਤੇੜੇ 63 ਪਿੰਡ ਪਾਣੀ ਦੀ ਮਾਰ ਹੇਠ ਆਉਣਗੇ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਮਜ਼ਬੂਰੀਵੱਸ਼ ਕੀਤੀ ਜਾ ਰਹੀ ਇਸ ਕਾਰਵਾਈ ਨਾਲ ਤਕਰੀਬਨ ਸਵਾ ਲੱਖ ਲੋਕ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਫੌਜ ਨਾਲ ਰਾਬਤਾ ਕਾਇਮ ਕਰ ਲਿਆ ਗਿਆ ਹੈ ਤੇ ਰਾਹਤ ਕਾਰਜਾਂ ਲਈ ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਕੈਂਪ ਬਣਾਏ ਗਏ ਹਨ।

ਉੱਧਰ ਦੂਜੇ ਪਾਸੇ ਭਾਖੜਾ ਡੈਮ ਦਾ ਪਾਣੀ ਨੂਰਪੁਰਬੇਦੀ ਤੇ ਅਨੰਦਪੁਰ ਸਾਹਿਬ ਦੇ ਇਲਾਕਿਆਂ ਵਿੱਚ ਬੜੀ ਤੇਜੀ ਨਾਲ ਮਾਰ ਕਰ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਪਿੰਡਾਂ ਦਾ ਸੰਪਰਕ ਸ਼ਹਿਰਾਂ ਨਾਲੋਂ ਟੁੱਟ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਖੇਤਾਂ ਅੰਦਰ ਖੜ੍ਹੀਆਂ ਫਸਲਾਂ 5 ਫੁੱਟ ਤੱਕ ਪਾਣੀ ਅੰਦਰ ਡੁੱਬ ਗਈਆਂ ਹਨ ਤੇ ਪਾਣੀ ਅਜੇ ਵੀ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਜਿਸ ਕਾਰਨ ਜਲੰਧਰ ਤੋਂ ਇਲਾਵਾ ਲੁਧਿਆਣਾ ਜਿਲ੍ਹੇ ਵਿੱਚ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।

- Advertisement -

ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੇ ਕੈਚਮੈਟ ਇਲਾਕਿਆਂ ਵਿੱਚ ਵੀ ਬਾਰਿਸ਼ ਲਗਾਤਾਰ ਹੋ ਰਹੀ ਹੈ। ਜਿਸ ਕਾਰਨ ਇਸ ਡੈਮ ਅੰਦਰ ਵੀ ਪਾਣੀ ਦੀ ਆਮਦ 70 ਹਜ਼ਰਾ ਕਿਊਸਿਕ ਮਾਪੀ ਗਈ ਹੈ। ਜਿਸ ਨਾਲ ਇੱਥੇ ਪਾਣੀ ਦਾ ਪੱਧਰ ਵਧ ਕੇ 519.85 ਮੀਟਰ ਹੋ ਚੁਕਿਆ ਹੈ। ਨੂਰਪੁਰ ਦੇ ਨਾਲ ਲਗਦੇ ਇਲਾਕਿਆਂ ਅੰਦਰ ਭਾਖੜਾ ਡੈਮ ਦਾ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਉੱਥੇ ਹਾਲਾਤ ਹੜ੍ਹਾਂ ਵਰਗੇ ਬਣ ਗਏ ਹਨ।

ਇੱਧਰ ਦੂਜੇ ਪਾਸੇ ਪਿਛਲੀ ਰਾਤ ਅੰਮ੍ਰਿਤਸਰ, ਲੁਧਿਆਣਾ, ਮੁਹਾਲੀ, ਚੰਡੀਗੜ੍ਹ ਤੇ ਪੰਜਾਬ ਦੇ ਹੋਰ ਕਈ ਇਲਾਕਿਆਂ ਵਿੱਚ ਵੀ ਭਾਰੀ ਬਾਰਿਸ਼ ਹੋਈ ਹੈ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਫੈਲ ਗਿਆ ਹੈ। ਭਾਖੜਾ ਡੈਮ ਤੋਂ ਹੋਰ ਪਾਣੀ ਛੱਡੇ ਜਾਣ ਕਾਰਨ ਲੁਧਿਆਣਾ, ਰੂਪਨਗਰ, ਫਿਰੋਜ਼ਪੁਰ ਤੇ ਕੁਝ ਹੋਰ ਇਲਾਕਿਆਂ ਵਿੱਚ ਕੁਝ ਸ਼ਹਿਰਾਂ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਚੁਕੱਨੇ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਹਨ।

Share this Article
Leave a comment