ਰਾਜਾ ਵੜਿੰਗ ਤੋਂ ਬਾਅਦ ਹੁਣ ਪੂਰੀ ਕਾਂਗਰਸ ਪੋਸਟਰ ਵਿਵਾਦ ‘ਚ ਫਸੀ, ਗੁਰੂ ਸਾਹਿਬ ਦਾ ਨਿਰਾਦਰ ਕਰਨ ਦੇ ਲੱਗੇ ਇਲਜ਼ਾਮ

Global Team
4 Min Read

ਤਰਨ ਤਾਰਨ: ਤਰਨ ਤਾਰਨ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਕਸੂਤੀ ਫਸਦੀ ਜਾ ਰਹੀ ਹੈ। ਹਾਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਮਾਮਲਾ ਠੰਢਾ ਨਹੀਂ ਹੋਇਆ ਕਿ ਕਾਂਗਰਸ ਪਾਰਟੀ ਹੁਣ ਪੋਸਟਰ ਵਿਵਾਦ ਵਿੱਚ ਫਸ ਗਈ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੋਸਲ ਮੀਡੀਆ ‘ਤੇ ਕਾਂਗਰਸੀ ਲੀਡਰਾਂ ਦੀ ਇੱਕ ਸਟੇਜ ਵਾਲੀ ਤਸਵੀਰ ਸਾਂਝੀ ਕੀਤੀ ਅਤੇ ਇਲਜ਼ਾਮ ਲਾਇਆ ਕਿ ਇਨ੍ਹਾਂ ਲੀਡਰਾਂ ਨੇ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਦੀਆਂ ਤਸਵੀਰਾਂ ਦਾ ਨਿਰਾਦਰ ਕੀਤਾ ਹੈ।

ਦਰਅਸਲ ਬਾਦਲ ਵੱਲੋਂ ਜਾਰੀ ਕੀਤੀ ਗਈ ਤਸਵੀਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸੀ ਲੀਡਰ ਸਟੇਜ ‘ਤੇ ਮੌਜੂਦ ਹਨ ਅਤੇ ਉਹਨਾਂ ਦੇ ਪਿੱਛੇ ਜਿਹੜਾ ਪੋਸਟਰ ਲਗਾਇਆ ਗਿਆ ਹੈ ਉਸ ਵਿੱਚ ਗੁਰੂ ਤੇਗ ਬਹਾਦਰ ਅਤੇ ਭਾਚੀ ਜੀਵਨ ਸਿੰਘ ਜੀ ਦੀ ਤਸਵੀਰ ਹੈ ਅਤੇ ਉਸ ਤਸਵੀਰ ਦੇ ਉੱਪਰ ਕਾਂਗਰਸੀ ਲੀਡਰਾਂ ਨੇ ਆਪਣੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਕਾਂਗਰਸੀ ਲੀਡਰ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਉੱਪਰ ਦੱਸ ਰਹੇ ਹਨ।

ਇਸ ਸਬੰਧੀ ਸੁਖਬੀਰ ਬਾਦਲ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਕਾਂਗਰਸ ਪਾਰਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ ) ਦੀਆਂ ਤਸਵੀਰਾਂ ਦੇ ਕੀਤੇ ਨਿਰਾਦਰ ਦੀ ਮੈਂ ਸਖ਼ਤ ਨਿਖੇਦੀ ਕਰਦਾ ਹਾਂ । ਕਾਂਗਰਸ ਪਾਰਟੀ ਵਲੋਂ ਚੋਣ ਪ੍ਰਚਾਰ ਲਈ ਲਗਾਈ ਸਟੇਜ ਉੱਪਰ ਲੱਗੇ ਬੈਨਰ ‘ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆ ਤਸਵੀਰਾਂ ਲਗਾਉਣੀਆਂ ਇੱਕ ਬੱਜਰ ਗੁਨਾਹ ਹੈ । ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਤੇ ਹੁਣ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਨਿਰਾਦਰ ਕੀਤਾ ਹੈ । ਇਸ ਕਰਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ , ਕਾਂਗਰਸ ਪਾਰਟੀ ਇਸ ਗੁਨਾਹ ਲਈ ਸਮੁੱਚੇ ਸਿੱਖ ਪੰਥ ਤੋਂ ਮੁਆਫ਼ੀ ਮੰਗੇ।’’


ਇਸ ਵਿਵਾਦ ਤੋਂ ਪਹਿਲਾਂ ਰਾਜਾ ਵੜਿੰਗ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਕੀਤੀ ਸੀ। ਜਿਸ ਕਰਕੇ ਉਹਨਾਂ ਖਿਲਾਫ਼  SC/ST ਐਕਟ ਦੇ ਤਹਿਤ ਪਰਚਾ ਦਰਜ ਹੋ ਗਿਆ ਹੈ।

ਤਰਨਤਾਰਨ ਉਪ-ਚੋਣ ਪ੍ਰਚਾਰ ਦੌਰਾਨ, ਰਾਜਾ ਵੜਿੰਗ ਨੇ ਕਾਂਗਰਸ ਦੀ ਵਡਿਆਈ ਕਰਨ ਦੀ ਕੋਸ਼ਿਸ਼ ਵਿੱਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ, ਜੋ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਸਨ, ਮਰਹੂਮ ਬੂਟਾ ਸਿੰਘ ਬਾਰੇ ਇੱਕ ਟਿੱਪਣੀ ਕੀਤੀ ਸੀ।

ਰਾਜਾ ਵੜਿੰਗ ਨੇ ਕਿਹਾ, ‘‘ ਕਾਂਗਰਸ ਪਾਰਟੀ ਨੇ ਇੱਕ ਕਾਲੇ ਆਦਮੀ ਨੂੰ, ਜੋ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਲਈ ਪੱਠੇ ਵੱਢਦਾ ਸੀ ਉਸ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਵਾਦ ਨੂੰ ਵਧਦਾ ਦੇਖ ਕੇ ਸੋਸ਼ਲ ਮੀਡੀਆ ‘ਤੇ ਸਪੱਸ਼ਟੀਕਰਨ ਜਾਰੀ ਕੀਤਾ ਸੀ। ਜਿਸ ਵਿੱਚ ਰਾਜਾ ਵੜਿੰਗ ਨੇ ਕਿਹਾ, ‘‘ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ। ਮੇਰਾ ਇਰਾਦਾ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਹਾਲਾਂਕਿ, ਜੇਕਰ ਕੋਈ ਨਾਰਾਜ਼ ਹੋਇਆ ਹੈ, ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।’’

Share This Article
Leave a Comment