ਕਾਬੁਲ : ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਦੀ ਸੁਰੱਖਿਆ ਵਿਵਸਥਾ ਵਿਗੜਦੀ ਹੀ ਜਾ ਰਹੀ ਹੈ। ਅਜਿਹੇ ‘ਚ ਉਥੇ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਘੱਟ ਗਿਣਤੀਆਂ ਹਿੰਦੂ ਅਤੇ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਅਫਗਾਨ ਸਿੱਖਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਫਗਾਨਿਸਤਾਨ ‘ਚ ਹੀ ਰਹਿਣਾ ਹੈ ਤਾਂ ਉਹ ਜਾਂ ਤਾਂ ਇਸਲਾਮ ਨੂੰ ਕਬੂਲ ਕਰ ਲੈਣ ਨਹੀਂ ਤਾਂ ਫਿਰ ਦੇਸ਼ ਛੱਡ ਦੇਣ।
IFFRAS ਨੇ ਕਿਹਾ ਇੱਕ ਸਮਾਂ ਸੀ ਜਦੋਂ ਵੱਡੀ ਗਿਣਤੀ ਵਿੱਚ ਸਿੱਖ ਅਫਗਾਨਿਸਤਾਨ ਦੇ ਕਾਬੁਲ ਵਿੱਚ ਰਹਿੰਦੇ ਸਨ, ਜਦਕਿ ਕੁਝ ਗਜ਼ਨੀ ਅਤੇ ਨੰਗਰਹਾਰ ਪ੍ਰਾਂਤਾਂ ਵਿੱਚ ਰਹਿੰਦੇ ਹਨ। ਰਿਪੋਰਟਾਂ ਮੁਤਾਬਕ ਸਿੱਖਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਸੁੰਨੀ ਇਸਲਾਮ ‘ਚ ਧਰਮ ਪਰਿਵਰਤਨ ਕਰ ਲੈਣ ਜਾਂ ਮੁਲਕ ਛੱਡ ਕੇ ਚਲੇ ਜਾਣ।
ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਨੇ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਅਫਗਾਨਿਸਤਾਨ ਵਿਚ ਰਹਿੰਦੇ ਸਨ ਪਰ ਸਾਲਾਂ ਤੋਂ ਕੱਟੜ ਧਾਰਮਿਕ ਹਿੰਸਾ ਕਾਰਨ ਕਈ ਮਾਰੇ ਗਏ, ਕਈਆਂ ਨੂੰ ਇੱਥੋਂ ਜਾਣਾ ਪਿਆ। ਦੱਸਣਯੋਗ ਹੈ ਕਿ 5 ਅਕਤੂਬਰ ਨੂੰ ਤਾਲਿਬਾਨੀ ਲੜਾਕਿਆਂ ਨੇ ਗੁਰਦੁਆਰੇ ‘ਚ ਦਾਖਲ ਹੋ ਕੇ ਸਿੱਖਾਂ ਨੂੰ ਕੈਦ ਕਰ ਲਿਆ ਸੀ। ਇਸ ਤੋਂ ਇਲਾਵਾ ਕਈ ਗੁਰੂ ਘਰਾਂ ‘ਚ ਭੰਨਤੋੜ ਵੀ ਕੀਤੀ ਗਈ।