ਕਾਬੁਲ : ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਹਵਾਈ ਹਮਲੇ ਦੇ ਜਵਾਬ ਵਿੱਚ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਵੱਡੇ ਪੱਧਰ ‘ਤੇ ਸੈਨਿਕ ਕਾਰਵਾਈ ਕੀਤੀ। ਇਹ ਕਦਮ ਪਾਕਿਸਤਾਨ ਵੱਲੋਂ ਹਾਲ ਹੀ ਵਿੱਚ ਅਫ਼ਗਾਨਿਸਤਾਨ ਦੇ ਅੰਦਰ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਕਾਰਵਾਈ ਦੀ ਜਾਣਕਾਰੀ ਤਾਲਿਬਾਨੀ ਫੌਜ ਨੇ ਦਿੱਤੀ ਹੈ। ਫੌਜ ਨੇ ਦੱਸਿਆ ਕਿ ਉਸ ਨੇ ਪਾਕਿਸਤਾਨ ਵਿਰੁੱਧ ਜਵਾਬੀ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ।
ਅਫ਼ਗਾਨ ਸੈਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਕਿਸਤਾਨ ਵਿਰੁੱਧ ਹਮਲੇ ਸ਼ੁਰੂ ਕਰ ਦਿੱਤੇ ਹਨ। ਅਫ਼ਗਾਨਿਸਤਾਨ ਨੇ ਵੀਰਵਾਰ ਦੇਰ ਰਾਤ ਪਾਕਿਸਤਾਨ ‘ਤੇ ਹਮਲਾ ਕਰ ਦਿੱਤਾ। ਕੁਨਾਰ ਸੂਬੇ ਵਿੱਚ ਤਾਲਿਬਾਨ ਲੜਾਕਿਆਂ ਦੇ ਹਮਲੇ ਵਿੱਚ ਪਾਕਿਸਤਾਨੀ ਫੌਜ ਦੇ 55 ਜਵਾਨ ਮਾਰੇ ਗਏ ਹਨ। ਇਹ ਜਾਣਕਾਰੀ ‘ਟੋਲੋ ਨਿਊਜ਼’ ਨੇ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਦੇ ਹਵਾਲੇ ਨਾਲ ਦਿੱਤੀ ਹੈ।
ਅਫ਼ਗਾਨ ਸਰਕਾਰ ਦਾ ਦਾਅਵਾ ਹੈ ਕਿ 23 ਪਾਕਿਸਤਾਨੀ ਸੈਨਿਕਾਂ ਦੀਆਂ ਲਾਸ਼ਾਂ ਉਹਨਾਂ ਦੇ ਕੋਲ ਹਨ। ਪਾਕਿਸਤਾਨੀ ਫੌਜ ਦੇ ਇੱਕ ਹੈੱਡਕੁਆਰਟਰ ਅਤੇ 19 ਚੌਕੀਆਂ ‘ਤੇ ਵੀ ਕਬਜ਼ਾ ਕਰ ਲਿਆ ਗਿਆ ਹੈ। ਅਫ਼ਗਾਨਿਸਤਾਨ ਦੇ ਡਿਪਟੀ ਬੁਲਾਰੇ ਹਮਦੁੱਲਾ ਫ਼ਿਤਰਤ ਨੇ ਕਿਹਾ ਕਿ ਕੁੱਝ ਪਾਕਿਸਤਾਨੀ ਸੈਨਿਕਾਂ ਨੂੰ ਜ਼ਿੰਦਾ ਫੜ ਲਿਆ ਗਿਆ ਹੈ, ਜਦਕਿ ਦਰਜਨਾਂ ਹਥਿਆਰ, ਇੱਕ ਟੈਂਕ ਅਤੇ ਇੱਕ ਹਾਰਵੈਸਟਰ ਜ਼ਬਤ ਕੀਤਾ ਗਿਆ ਹੈ।
ਦੂਜੇ ਪਾਸੇ ਪਾਕਿਸਤਾਨੀ ਮੀਡੀਆ ਮੁਤਾਬਕ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਸਰਕਾਰ ਨੇ ਆਪ੍ਰੇਸ਼ਨ ‘ਗਜ਼ਬ ਲਿਲ ਹੱਕ’ ਸ਼ੁਰੂ ਕੀਤਾ ਹੈ। ਪਾਕਿਸਤਾਨ ਦੀ ਹਵਾਈ ਫੌਜ ਨੇ ਕਾਬੁਲ, ਨੰਗਰਹਾਰ ਸੂਬੇ ਸਮੇਤ ਕਈ ਸ਼ਹਿਰਾਂ ਵਿੱਚ ਏਅਰਸਟ੍ਰਾਈਕ ਕੀਤੀ ਹੈ।
ਦੱਸ ਦਈਏ ਕਿ ਪਿਛਲੇ ਐਤਵਾਰ ਨੂੰ ਪਾਕਿਸਤਾਨ ਦੀ ਫੌਜ ਨੇ ਅਫ਼ਗਾਨਿਸਤਾਨ ਦੀ ਸਰਹੱਦ ਪਾਰ ਹਮਲੇ ਕੀਤੇ ਸਨ ਅਤੇ ਦਾਅਵਾ ਕੀਤਾ ਸੀ ਕਿ ਉਸ ਨੇ ਘੱਟੋ-ਘੱਟ 70 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਫ਼ਗਾਨਿਸਤਾਨ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਸਮੇਤ ਉਹਨਾਂ ਦੇ ਦਰਜਨਾਂ ਨਾਗਰਿਕ ਮਾਰੇ ਗਏ ਹਨ। ਇਸ ਦਾ ਜਵਾਬ ਹੁਣ ਅਫ਼ਗਾਨਿਸਤਾਨ ਨੇ ਦਿੱਤਾ ਹੈ।

