ਕਾਬੁਲ : ਅਫਗਾਨਿਸਤਾਨ ਰਾਸ਼ਟਰਪਤੀ ਭਵਨ ਦੇ 20 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਸ ਨਾਲ ਅਫਗਾਨਿਸਤਾਨ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 933 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਅਜੇ ਇਹ ਵੀ ਸਪਸ਼ਟ ਨਹੀਂ ਹੋਇਆ ਹੈ ਕਿ ਰਾਸ਼ਟਰਪਤੀ ਇਨ੍ਹਾਂ ਸੰਕਰਮਿਤ ਮਰੀਜ਼ਾਂ ਦੇ ਸੰਪਰਕ ‘ਚ ਆਏ ਸਨ ਜਾਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਦੇ ਕੋਰੋਨਾ ਟੈਸਟ ਦੀ ਵੀ ਅਜੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਅਸ਼ਰਫ ਗਨੀ (70) ਪਿਛਲੇ ਦਿਨੀਂ ਕੈਂਸਰ ਦਾ ਇਲਾਜ਼ ਕਰਵਾ ਕੇ ਸਿਹਤਯਾਬ ਹੋਏ ਹਨ। ਇਸ ਲਈ ਕੋਰੋਨਾ ਮਹਾਮਾਰੀ ਨੂੰ ਲੈ ਕੇ ਰਾਸ਼ਟਰਪਤੀ ਗਨੀ ਨੂੰ ਜ਼ਿਆਦਾ ਜੋਖਮ ‘ਚ ਮੰਨਿਆ ਜਾ ਰਿਹਾ ਹੈ।
ਸ਼ਰਨਾਰਥੀਆਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ਵਾਲੇ ਅਫਗਾਨਿਸਤਾਨ ਸਥਿਤ ਇੰਟਰਨੈਸ਼ਨਲ ਆਫਿਸ ਆਫ ਮਾਈਗ੍ਰੇਸ਼ਨ ਅਨੁਸਾਰ ਪਿਛਲੇ ਦੋ ਮਹੀਨਿਆਂ ਵਿਚ 20 ਹਜ਼ਾਰ ਤੋਂ ਵੱਧ ਅਫਗਾਨ ਨਾਗਰਿਕ ਈਰਾਨ ਤੋਂ ਅਫਗਾਨਿਸਤਾਨ ਵਾਪਸ ਪਰਤੇ ਹਨ। ਈਰਾਨ ਇਸ ਖੇਤਰ ਦਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਈਰਾਨ ‘ਚ ਹੁਣ ਤੱਕ ਕੋਰੋਨਾ ਦੇ 82 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੀ ਸਥਿਤੀ ‘ਚ ਅਫਗਾਨਿਸਤਾਨ ‘ਚ ਕੋਰੋਨਾ ਸੰਕਰਮਿਤ ਦੀ ਗਿਣਤੀ ਵਧਣ ਦੀ ਸੰਭਾਵਨਾ ਜਤਾਈ ਗਈ ਹੈ।
ਅਫਗਾਨਿਸਤਾਨ ਸਿਹਤ ਮੰਤਰਾਲੇ ਦੇ ਬੁਲਾਰੇ ਵਹੀਦਉੱਲਾ ਮਯਾਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਰਿਕਾਰਡ ਕੀਤੇ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲਿਆਂ ਵਿੱਚੋਂ 15 ਮਾਮਲਿਆਂ ਦੀ ਪੁਸ਼ਟੀ ਕਾਬੁਲ ਵਿੱਚ, 6 ਹੇਰਾਤ ਵਿੱਚ, 4 ਲਾਗਮਨ ਵਿੱਚ ਅਤੇ 4 ਕੂਨਰ ਵਿੱਚ ਹੋਈ ਹੈ। .
ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 1 ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 24 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ। ਅਮਰੀਕਾ ‘ਚ ਕੋੋਰੋਨਾ ਨਾਲ ਸਭ ਤੋਂ ਵੱਧ ਯਾਨੀ 41 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 7 ਲੱਖ 40 ਹਜ਼ਾਰ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।