ਅਫਗਾਨਿਸਤਾਨ : ਅਫਗਾਨੀ ਲੜਕੀਆਂ ਨੇ ਕੋਰੋਨਾ ਖਿਲਾਫ ਜੰਗ ‘ਚ ਸੰਭਾਲਿਆ ਮੋਰਚਾ, ਰਾਸ਼ਟਰਪਤੀ ਨੇ ਵੀ ਕੀਤੀ ਤਾਰੀਫ

TeamGlobalPunjab
3 Min Read

ਕਾਬੁਲ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅਫਗਾਨਿਸਤਾਨ ਵਿਚ ਹੁਣ ਤੱਕ ਕੋਰੋਨਾ ਦੇ 7,650 ਮਾਮਲੇ ਸਾਹਮਣੇ ਆਏ ਹਨ ਅਤੇ 178 ਦੀ ਮੌਤ ਹੋ ਚੁੱਕੀ ਹੈ। ਜਿਸ ਦਾ ਇੱਕ ਕਾਰਨ ਇੱਥੋਂ ਦੀ  ਮੈਡੀਕਲ ਪ੍ਰਣਾਲੀ ਵੀ ਹੈ। ਅਫਗਾਨਿਸਤਾਨ ਵਿਚ ਇਸ ਸਮੇਂ ਸਥਿਤੀ ਬਹੁਤ ਖਰਾਬ ਹੈ। ਅਜਿਹੇ ‘ਚ ਅਫਗਾਨ ਦੀਆਂ ਲੜਕੀਆਂ ਨੇ ਕੋਰੋਨਾ ਖਿਲਾਫ ਜੰਗ ‘ਚ ਮੋਰਚਾ ਸੰਭਾਲਿਆ ਹੋਇਆ ਹੈ। ਅਫਗਾਨੀ ਲੜਕੀਆਂ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਰਹੀਆਂ ਹਨ, ਜਿਹੜੇ ਅੱਤਵਾਦੀ ਹਮਲਿਆਂ ਅਤੇ ਕੋਰੋਨਾ ਵਾਇਰਸ ਦੇ ਦੋਹਰੇ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਇਹ ਲੜਕੀਆਂ ਕਾਰ ਅਤੇ ਮੋਟਰ ਸਾਈਕਲ ਦੇ ਪੁਰਜ਼ਿਆਂ ਨਾਲ ਕੋਰੋਨਾ ਪੀੜਤਾਂ ਲਈ ਵੈਂਟੀਲੇਟਰ ਬਣਾ ਰਹੀਆਂ ਹਨ। ਇਸ ‘ਚ ਟੋਯੋਟਾ ਕੋਰੋਲਾ ਬ੍ਰਾਂਡ ਦੀ ਮੋਟਰ ਅਤੇ ਹੌਂਡਾ ਮੋਟਰ ਸਾਈਕਲ ਦੀ ਚੇਨ ਡਰਾਈਵ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਲੜਕੀਆਂ ਨੂੰ ਅਫਗਾਨਿਸਤਾਨ ‘ਚ “ਰੋਬੋਟਿਕਸ ਗਰਲਜ਼ ਗੈਂਗ” ਦਾ ਨਾਮ ਦਿੱਤਾ ਗਿਆ ਹੈ।  “ਰੋਬੋਟਿਕਸ ਗਰਲਜ਼ ਗੈਂਗ” ਦੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੱਲੋਂ ਵੀ ਖੂਬ ਤਾਰੀਫ ਕੀਤੀ ਗਈ ਹੈ। ਇਨ੍ਹਾਂ ਲੜਕੀਆਂ ਦੀਆਂ ਪ੍ਰਾਪਤੀਆਂ ਨੂੰ ਸਲਾਮ ਕਰਨ ਦੇ ਦੋ ਕਾਰਨ ਹਨ। ਪਹਿਲਾਂ ਇਸ ਗੈਂਗ ਵੱਲੋਂ ਜਿਹੜੇ ਵੈਂਟੀਲੇਟਰ ਬਣਾਏ ਜਾ ਰਹੇ ਹਨ ਉਨ੍ਹਾਂ ਨੂੰ ਹਰੇਕ ਲਈ ਘੱਟ ਕੀਮਤ ‘ਤੇ ਉਪਲਬਧ ਕਰਾਇਆ ਜਾ ਸਕਦਾ ਹੈ। ਦੂਜਾ 3 ਕਰੋੜ 90 ਲੱਖ ਆਬਾਦੀ ਵਾਲੇ ਦੇਸ਼ ਵਿਚ ਸਿਰਫ 400 ਵੈਂਟੀਲੇਟਰ ਹਨ। ਅਜਿਹੀ ਸਥਿਤੀ ਵਿੱਚ ਇਨ੍ਹਾਂ ਲੜਕੀਆਂ ਦਾ ਕੰਮ ਸ਼ਲਾਘਾਯੋਗ ਹੈ। ਦੱਸ ਦਈਏ ਕਿ ਇਨ੍ਹਾਂ ਵੈਂਟੀਲੇਟਰ ਦਾ ਸਫਲ ਟਰਾਇਲ ਵੀ ਹੋ ਚੁੱਕਾ ਹੈ।

ਅਫਗਾਨੀ ਲੜਕੀਆਂ ਦੇ ਇਸ ਸਮੂਹ ਨੂੰ ‘ਅਫਗਾਨ ਡ੍ਰੀਮਰਜ਼’ ਕਿਹਾ ਜਾਂਦਾ ਹੈ। 2017 ਵਿਚ ਇਸ ਸਮੂਹ ਨੂੰ ਅਮਰੀਕਾ ਨੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਇਕ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇਸ ਸਮੂਹ ਦਾ ਮੁੱਖ ਟੀਚਾ ਮਈ ਦੇ ਅੰਤ ਤੱਕ ਬਾਜ਼ਾਰ ‘ਚ ਬਹੁਤ ਘੱਟ ਕੀਮਤ ‘ਤੇ ਵੱਧ ਤੋਂ ਵੱਧ ਵੈਂਟੀਲੇਟਰ ਉਪਲਬਧ ਕਰਵਾਉਣਾ ਹੈ। ਇਸ ਸਮੂਹ ਵਿਚ ਸਾਰੀਆਂ ਲੜਕੀਆਂ ਦੀ ਉਮਰ ਤਕਰੀਬਨ 14 ਤੋਂ 17 ਸਾਲ ਦੇ ਵਿਚਕਾਰ ਹੈ। “ਗਰਲਜ਼ ਗੈਂਗ” ਦੀ ਸੰਸਥਾਪਕ ਰੋਆ ਦਾ ਕਹਿਣਾ ਹੈ ਕਿ ਮਈ ਦੇ ਅਖੀਰ ਤੱਕ ਇਹ ਵੈਂਟੀਲੇਟਰ ਲੋਕਾਂ ਦੀ ਸਹਾਇਤਾ ਲਈ ਡਿਲੀਵਰ ਕਰ ਦਿੱਤੇ ਜਾਣਗੇ। ਰੋਆ ਦੇ ਅਨੁਸਾਰ, ਨਿਰਮਾਣ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਕੁਝ ਦਿਨ ਪਹਿਲਾਂ ਹਸਪਤਾਲ ਵਿਚ ਇਨ੍ਹਾਂ ਵੈਂਟੀਲੇਟਰਾਂ ਦੀ ਟੈਸਟਿੰਗ ਵੀ ਹੋਈ ਸੀ। ਪ੍ਰਾਜੈਕਟ ਦਾ ਦੂਜਾ ਪੜਾਅ ਜਾਰੀ ਹੈ।

“ਗਰਲਜ਼ ਗੈਂਗ” ਦੀ ਕਪਤਾਨ ਸੋਮਿਆ ਫਾਰੂਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਟੀਮ ਦਾ ਮੈਂਬਰ ਹੋਣ ‘ਤੇ ਮਾਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਨਾਲ ਉਹ ਆਪਣੇ ਦੇਸ਼ ਦੇ ਹੀਰੋਜ਼ ਡਾਕਟਰ ਅਤੇ ਨਰਸ ਦੀ ਮਦਦ ਕਰ ਸਕਦੇ ਹਨ। ਇਨ੍ਹੀਂ ਦਿਨੀਂ ਬਾਜ਼ਾਰ ਵਿਚ ਵੈਂਟੀਲੇਟਰ ਦੀ ਕੀਮਤ 22 ਲੱਖ ਤੋਂ 37 ਲੱਖ ਰੁਪਏ ਦੇ ਵਿਚਕਾਰ ਹੈ ਜੋ ਗਰੀਬ ਦੇਸ਼ਾਂ ਦੀ ਪਹੁੰਚ ਤੋਂ ਦੂਰ ਹੈ। ਜਦੋਂ ਕਿ “ਗਰਲਜ਼ ਗੈਂਗ” ਇਸ ਨੂੰ ਮਹਿਜ਼ 45 ਹਜ਼ਾਰ ਰੁਪਏ ‘ਚ ਉਪਲਬਧ ਕਰਵਾਉਣ ਦੀਆਂ ਕੋਸ਼ਿਸ਼ਾਂ ‘ਚ ਜੁਟਿਆ ਹੋਇਆ ਹੈ।

Share This Article
Leave a Comment