ਧਾਮੀ ਪ੍ਰਧਾਨ ਹੋਣ ਲਈ ਰਾਜ਼ੀ!

Global Team
4 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਜਿੰਮੇਵਾਰੀ ਸੰਭਾਲਣ ਦੀ ਸਹਿਮਤੀ ਐਡ ਹਰਜਿੰਦਰ ਸਿੰਘ ਧਾਮੀ ਨੇ ਦੇ ਦਿੱਤੀ ਹੈ। ਬੇਸ਼ਕ ਫੌਰੀ ਤੌਰ ਤੇ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੁਲਾਕਾਤ ਬਾਅਦ ਹੀ ਧਾਮੀ ਨੇ ਸਹਿਮਤੀ ਦਿੱਤੀ ਹੈ। ਇਹ ਸ਼ਾਇਦ ਪੰਥਕ ਹਲਕਿਆਂ ਵਿੱਚ ਇਹ ਪਹਿਲਾ ਮੌਕਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਕਈ ਵਾਰ ਧਾਮੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਮੁੜ ਅਪੀਲ ਕੀਤੀ ਗਈ ਤਾਂ ਉਹ ਸਹਿਮਤ ਹੋਏ । ਆਮ ਤੌਰ ਤੇ ਅਹੁਦੇ ਸੰਭਾਲਣ ਲਈ ਲੜਾਈ ਹੁੰਦੀ ਹੈ।

ਅਜੇ ਵੀ ਪੰਥਕ ਮੁੱਦਿਆਂ ਨੂੰ ਲੈ ਕੇ ਪੰਜਾਬ ਅੰਦਰ ਸਿੱਧੇ ਤੌਰ ਤੇ ਟਕਰਾਅ ਵਾਲਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਜੇਕਰ ਅੱਜ ਦੀ ਹੀ ਗੱਲ ਕੀਤੀ ਜਾਵੇ ਤਾਂ ਅਕਾਲ ਤਖ਼ਤ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਨੂੰ ਲੈ ਕੇ ਭਰਵਾਂ ਇੱਕਠ ਹੋਇਆ । ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਦੋ ਦਸੰਬਰ ਨੂੰ ਸਿੰਘ ਸਾਹਿਬਾਨ ਨੇ ਪੰਥਕ ਮਾਮਲਿਆਂ ਦੇ ਹੱਲ ਲਈ ਜਿਹੜਾ ਸੁਨੇਹਾ ਦਿੱਤਾ ਸੀ, ਉਸ ਵਿੱਚ ਇਹ ਵੀ ਸ਼ਾਮਲ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਕਰੇਗੀ। ਹੋਇਆ ਇੰਝ ਕਿ ਕਮੇਟੀ ਤਾਂ ਬਣ ਗਈ ਪਰ ਅਕਾਲੀ ਦਲ ਦੇ ਆਗੂਆਂ ਨੇ ਇਹ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਉੱਤੇ ਪਾਰਟੀ ਦੀ ਭਰਤੀ ਨਹੀਂ ਹੋ ਸਕਦੀ ਕਿਉਂਕਿ ਇਸ ਨਾਲ ਪਾਰਟੀ ਨੂੰ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਾਰਟੀ ਦੀ ਭਰਤੀ ਤਾਂ ਕਰ ਲਈ ਪਰ ਸੱਤ ਮੈਂਬਰੀ ਕਮੇਟੀ ਅੱਗੇ ਨਾ ਵਧ ਸਕੀ ।ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ । ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਕਾਇਦਾ ਕਿਹਾ ਸੀ ਕਿ ਕਮੇਟੀ ਅਕਾਲੀ ਦਲ ਦੀ ਭਰਤੀ ਕਰੇ। ਹੁਣ ਕਮੇਟੀ ਪੰਜ ਮੈਂਬਰੀ ਰਹਿ ਗਈ ਹੈ ਕਿਉਂਕਿ ਦੋ ਮੈਂਬਰ ਤਾਂ ਅਸਤੀਫਾ ਦੇ ਚੁੱਕੇ ਹਨ।ਇਸ ਸਥਿਤੀ ਵਿੱਚ ਪੰਜ ਮੈਂਬਰੀ ਕਮੇਟੀ ਨੇ ਅਰਦਾਸ ਕਰਕੇ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਕਰ ਦਿੱਤੀ ਹੈ।

ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅੱਜ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਜਾਅਲੀ ਕਰਾਰ ਦਿੱਤਾ ਹੈ। ਅਕਾਲੀ ਆਗੂਆਂ ਦਾ ਦਾਅਵਾ ਹੈ ਕਿ ਉਨਾਂ ਵਲੋ ਭਰਤੀ ਮੁਹਿੰਮ ਪਾਰਟੀ ਦਫ਼ਤਰ ਚੰਡੀਗੜ ਤੋਂ ਕੀਤੀ ਗਈ ਹੈ ਪਰ ਪੰਜ ਮੈਂਬਰੀ ਕਮੇਟੀ ਕੋਲ ਕੋਈ ਅਧਿਕਾਰ ਹੀ ਨਹੀਂ ਹੈ।
ਹੁਣ ਅਕਾਲ ਤਖਤ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਦੇ ਮਾਮਲੇ ਵਿੱਚ ਪੱਤਰ ਲਿਖ ਕੇ ਗੱਲਬਾਤ ਦਾ ਸੱਦਾ ਦਿੱਤਾ ਹੈ ਅਤੇ ਮੁਲਾਕਾਤ ਵੀ ਹੋਈ।

ਅੱਜ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸਤੀਫ਼ਾ ਦੇ ਚੁੱਕੇ ਪ੍ਰਧਾਨ ਧਾਮੀ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹੁਸ਼ਿਆਰਪੁਰ ਵਿਖੇ ਮੁਲਾਕਾਤ ਹੋਈ ਹੈ। ਸੁਖਬੀਰ ਬਾਦਲ ਦੀ ਮੁਲਾਕਾਤ ਦਾ ਮੰਤਵ ਵੀ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਲਈ ਬੇਨਤੀ ਕਰਨਾ ਸੀ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਚੰਡੀਗੜ ਮੀਟਿੰਗ ਕਰਕੇ ਧਾਮੀ ਦਾ ਅਸਤੀਫ਼ਾ ਰੱਦ ਕਰ ਦਿੱਤਾ ਸੀ। ਕਮੇਟੀ ਦੇ ਮੈਂਬਰਾਂ ਨੇ ਵੀ ਇਕ ਦਿਨ ਪਹਿਲਾਂ ਧਾਮੀ ਨਾਲ ਮੁਲਾਕਾਤ ਕਰਕੇ ਪ੍ਰਧਾਨ ਵਜੋਂ ਜਿੰਮੇਵਾਰੀ ਸੰਭਾਲਣ ਲਈ ਬੇਨਤੀ ਕੀਤੀ ਸੀ।

ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ 28 ਮਾਰਚ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਸਾਹਮਣੇ ਸ਼ਾਤਮਈ ਧਰਨਾ ਦਿਤਾ ਜਾਵੇਗਾ। ਦਮਦਮੀ ਟਕਸਾਲ ਮੰਗ ਕਰ ਰਹੀ ਹੈ ਕਿ ਤਖ਼ਤ ਸਾਹਿਬਾਨ ਦੇ ਹਟਾਏ ਗਏ ਜਥੇਦਾਰਾਂ ਨੂੰ ਮੁੜ ਉਨਾਂ ਦੇ ਅਹੁਦਿਆਂ ਤੇ ਬਹਾਲ ਕੀਤਾ ਜਾਵੇ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਵੀ ਹੋਣ ਜਾ ਰਿਹਾ ਹੈ ਜਿਸ ਕਰਕੇ ਸਥਿਤੀ ਤਣਾਅਪੂਰਨ ਬਣਦੀ ਨਜ਼ਰ ਆ ਰਹੀ ਹੈ।

ਸੰਪਰਕ 9814002186

Share This Article
Leave a Comment