ਆਦਮਪੁਰ (ਜਲੰਧਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖੇਤਰ ਦੇ ਵਿਕਾਸ ਨੂੰ ਨਵੇਂ ਪੱਧਰ ‘ਤੇ ਲਿਜਾਣ ਲਈ ਸਥਾਨਕ ਹਵਾਈ ਅੱਡੇ ਤੱਕ ਜਾਂਦੀ ਸੜਕ ਨੂੰ ਚਾਰ ਮਾਰਗੀ ਕਰਨ ਅਤੇ ਬਿਸਤ ਦੁਆਬ ਨਹਿਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਸਮੇਤ ਸੱਤ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
157.96 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਪ੍ਰਾਜੈਕਟਾਂ ਵਿੱਚ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ, ਬੱਸ ਅੱਡੇ ਦਾ ਨਵੀਨੀਕਰਨ, ਸਿਟੀ ਸੈਂਟਰ ਦਾ ਵਿਕਾਸ ਅਤੇ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਤੋਂ ਇਲਾਵਾ ਪਿੰਡ ਦਮੁੰਡਾ ਵਿਖੇ ਸਾਰਾਗੜ੍ਹੀ ਸਟੇਡੀਅਮ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਹਵਾਈ ਅੱਡੇ ਤੱਕ ਜਾਣ ਵਾਲੀ ਸੜਕ ਨੂੰ ਜਲੰਧਰ-ਹੁਸ਼ਿਆਰਪੁਰ ਕੌਮੀ ਮਾਰਗ ਦੇ ਬਿਸਤ ਦੁਆਬ ਨਹਿਰ ਦੇ ਨਾਲ ਪੈਂਦੇ 5.55 ਕਿਲੋਮੀਟਰ ਹਿੱਸੇ ਨਾਲ ਜੋੜਿਆ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹਵਾਈ ਅੱਡੇ ਨੂੰ ਜਾਣ ਵਾਲੀ ਇਸ ਸੜਕ ਨੂੰ 41.40 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਬਣਾਇਆ ਜਾਵੇਗਾ ਅਤੇ ਇਹ ਕਾਰਜ ਇੱਕ ਸਾਲ ਵਿੱਚ ਮੁਕੰਮਲ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਹ ਪ੍ਰਾਜੈਕਟ ਹਵਾਈ ਅੱਡੇ ਵੱਲ ਜਾਣ ਵਾਲੇ ਯਾਤਰੀਆਂ ਲਈ ਆਸਾਨ ਪਹੁੰਚ ਨੂੰ ਯਕੀਨੀ ਬਣਾਏਗਾ ਅਤੇ ਜਿਸ ਨਾਲ ਉਹਨਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ।
Laid the foundation stones for multiple projects for holistic development of Adampur segment today. Among them, a canal renovation project worth Rs. 81 crore, 17-KM long sewerage project with Rs 10.44 crore and a cricket stadium to be developed at cost of Rs 2.02 crore in Adampur pic.twitter.com/WYh2csVx78
— Charanjit S Channi (@CHARANJITCHANNI) November 15, 2021
ਨਗਰ ਨਿਗਮ ਜਲੰਧਰ ਨੂੰ ਸਾਲ 2036 ਤੱਕ 113 ਕਿਊਸਿਕ ਅਤੇ 2051 ਤੱਕ 150 ਕਿਊਸਿਕ ਰੋਜ਼ਾਨਾ ਸਮਰੱਥਾ ਵਾਲਾ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਇਹ ਪ੍ਰਾਜੈਕਟ 81.95 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਵੱਕਾਰੀ ਪ੍ਰਾਜੈਕਟ ਤਹਿਤ, ਬਿਸਤ-ਦੁਆਬ ਨਹਿਰ ਦੀ ਜਲੰਧਰ ਬ੍ਰਾਂਚ ਦੀ ਬੁਰਜੀ ਨੰਬਰ 90,000 ਤੋਂ ਬੁਰਜੀ ਨੰਬਰ 2,26,000 ਤੱਕ ਕੰਕਰੀਟ ਲਾਈਨਿੰਗ ਨਾਲ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾਵੇਗੀ ਕਿਉਂਕਿ 66 ਸਾਲ ਪੁਰਾਣਾ ਇਹ ਹਿੱਸਾ ਖਸਤਾ ਹਾਲਤ ਵਿੱਚ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਕੰਕਰੀਟ ਲਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨੂੰ ਜਨਵਰੀ ਦੇ ਅੱਧ ਤੱਕ ਪੂਰਾ ਕਰ ਲਿਆ ਜਾਵੇਗਾ।
After laying foundation stone of various projects at Adampur, addressed local residents at Karwal Resort. I am elated to see large crowd in the function. It is your affection & love that gives me courage to work more enthusiastically for betterment of Punjab & Punjabis everyday. pic.twitter.com/VqS5uj8ZHH
— Charanjit S Channi (@CHARANJITCHANNI) November 15, 2021
ਇਸ ਖੇਤਰ ਦੇ ਲੋਕਾਂ ਦੀ ਇੱਕ ਹੋਰ ਵੱਡੀ ਮੰਗ ਨੂੰ ਪੂਰਾ ਕਰਦਿਆਂ ਹੋਏ ਮੁੱਖ ਮੰਤਰੀ ਚੰਨੀ ਨੇ 10.44 ਕਰੋੜ ਰੁਪਏ ਦੀ ਲਾਗਤ ਨਾਲ 17 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਕਰੀਬ 4000 ਪਰਿਵਾਰਾਂ ਨੂੰ ਕੁਨੈਕਸ਼ਨਾਂ ਸਮੇਤ ਬੁਨਿਆਦੀ ਸਹੂਲਤਾਂ ਵੀ ਮਿਲਣਗੀਆਂ। ਇਹ ਪ੍ਰਾਜੈਕਟ ਅਗਸਤ 2022 ਤੱਕ ਪੂਰਾ ਹੋ ਜਾਵੇਗਾ ਕਿਉਂਕਿ ਕੰਮ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿਟੀ ਸੈਂਟਰ ਪ੍ਰਾਜੈਕਟ 36 ਕਨਾਲਾਂ ਵਿੱਚ 20.85 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਜਾਵੇਗਾ। ਸਿਟੀ ਸੈਂਟਰ ਵਿੱਚ ਅੰਬੇਡਕਰ ਭਵਨ ਤੋਂ ਇਲਾਵਾ 400 ਦੁਕਾਨਾਂ, 100 ਬੂਥ, ਜ਼ਮੀਨਦੋਜ਼ ਪਾਰਕਿੰਗ, ਲਿਫਟ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਕਿੰਗ ਲਈ ਕਾਫੀ ਥਾਂ ਹੋਣ ਨਾਲ, ਇਹ ਪ੍ਰੋਜੈਕਟ ਨਿਸ਼ਚਿਤ ਤੌਰ ‘ਤੇ ਸ਼ਹਿਰ ਦੇ ਖੇਤਰ ਵਿੱਚ ਆਵਾਜਾਈ ਦੀ ਸਮੱਸਿਆ ਦਾ ਹੱਲ ਕਰੇਗਾ।
5000 ਸੀਟਾਂ ਦੀ ਸਮਰੱਥਾ ਵਾਲੇ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਸਟੇਡੀਅਮ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰੇਗਾ। ਇਹ ਪ੍ਰਾਜੈਕਟ ਦੁਸਹਿਰਾ ਗਰਾਊਂਡ ਨੇੜੇ 2.02 ਕਰੋੜ ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।
ਇਸੇ ਤਰ੍ਹਾਂ ਆਦਮਪੁਰ ਬੱਸ ਅੱਡੇ ਨੂੰ ਵੀ ਆਧੁਨਿਕ ਰੂਪ ਦਿੱਤਾ ਜਾਵੇਗਾ, ਜਿਸ ਵਿੱਚ ਰੇਹੜੀ-ਫੜ੍ਹੀ ਵਾਲਿਆਂ ਲਈ ਬੂਥ, ਜਨਤਕ ਸਹੂਲਤਾਂ, ਰੈਂਪ ਆਦਿ ਦੀ ਸੁਵਿਧਾ ਹੋਵੇਗੀ। ਬੱਸ ਸਟੈਂਡ ਪ੍ਰਾਜੈਕਟ 1.30 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਪੰਜਾਬ ਸਰਕਾਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨ ਲਈ ਬਿਜਲੀ ਦਰਾਂ ਵਿੱਚ ਪ੍ਰਤੀ ਯੂਨਿਟ ਕਟੌਤੀ, ਬਿਜਲੀ ਦੇ ਬਿੱਲਾਂ ਦੇ ਬਕਾਏ ਮੁਆਫ਼ ਕਰਨ, ਬਸੇਰਾ ਸਕੀਮ ਤਹਿਤ ਝੁੱਗੀ-ਝੌਂਪੜੀ ਵਾਲਿਆਂ ਨੂੰ ਮਲਕੀਅਤ ਦੇ ਅਧਿਕਾਰ, ਲਾਲ ਲਕੀਰ ਵਿੱਚ ਰਹਿਣ ਵਾਲੇ ਲੋਕਾਂ ਲਈ ‘ਮੇਰਾ ਘਰ ਮੇਰੇ ਨਾਮ’ ਸਕੀਮ ਸਮੇਤ ਪੈਟਰੋਲ ਅਤੇ ਡੀਜ਼ਲ ਆਦਿ ਦੀਆਂ ਦਰਾਂ ਵਿੱਚ ਕਟੌਤੀ ਕਰਨ ਵਰਗੇ ਕਈ ਇਤਿਹਾਸਕ ਫੈਸਲੇ ਲਏ ਗਏ ਹਨ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸੂਬਾ ਸਰਕਾਰ ਨੇ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਨਾਲ-ਨਾਲ ਰੇਤਾ-ਬੱਜਰੀ ਦੇ ਰੇਟ ਵੀ 5.50 ਰੁਪਏ ਪ੍ਰਤੀ ਕਿਊਸਿਕ ਫੁੱਟ ਤੈਅ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤ ਵਿੱਚ 415 ਰੁਪਏ ਦਾ ਵਾਧਾ ਕਰਨ ਤੋਂ ਇਲਾਵਾ 36,000 ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਵੀ ਰੈਗੂਲਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪਿੰਡ ਦਮੁੰਡਾ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਾਰਾਗੜ੍ਹੀ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਦੌਰਾਨ ਮੁੱਖ ਮੰਤਰੀ ਨੇ ਹੋਰਨਾਂ ਪਤਵੰਤਿਆਂ ਨਾਲ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ, ਸ੍ਰੀ ਜੱਬਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਅਤੇ ਲੰਗਰ ਵੀ ਛਕਿਆ । ਮੁੱਖ ਮੰਤਰੀ ਨੇ ਕਨਾਲ਼ ਰੈਸਟ ਹਾਊਸ ਵਿੱਚ ਇਕ ਬੂਟਾ ਵੀ ਲਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ, ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਾਬਕਾ ਮੰਤਰੀ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕੜਵਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ ਵੀ ਮੌਜੂਦ ਸਨ।