ਚੇਨਈ: ਤਮਿਲਨਾਡੂ ਦੀ ਸਿਆਸਤ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਤਮਿਲਗਾ ਵੇਤਰੀ ਕੜਗਮ (TVK) ਦੇ ਪ੍ਰਮੁੱਖ ਅਤੇ ਪ੍ਰਸਿੱਧ ਅਦਾਕਾਰ ਸੀ. ਜੋਸਫ ਵਿਜੇ ਨੇ ਰਾਜ ਦੇ 9ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਚੇਨਈ ਦੇ ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
ਵਿਜੇ ਨੇ ਤਮਿਲ ਭਾਸ਼ਾ ਵਿੱਚ ਸਹੁੰ ਚੁੱਕੀ। ਇਸ ਦੌਰਾਨ ਰਾਹੁਲ ਗਾਂਧੀ ਵੀ ਮੌਜੂਦ ਰਹੇ। ਵਿਜੇ ਦੇ ਨਾਲ 9 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਨ੍ਹਾਂ ਵਿੱਚ ਐਨ. ਆਨੰਦ, ਆਧਵ ਅਰਜੁਨ, ਡਾ. ਕੇ.ਜੀ. ਅਰੁਣਰਾਜ, ਕੇ.ਏ. ਸੇਂਗੋਟਈਅਨ, ਪੀ. ਵੇਂਕਟਰਮਣਨ, ਆਰ. ਨਿਰਮਲਕੁਮਾਰ, ਰਾਜਮੋਹਨ, ਡਾ. ਟੀ.ਕੇ. ਪ੍ਰਭੂ ਅਤੇ ਸੇਲਵੀ ਐਸ. ਕੀਰਤਨਾ ਦੇ ਨਾਮ ਸ਼ਾਮਲ ਹਨ।ਇਹ ਸਾਰੇ ਵਿਜੇ ਦੀ ਪਾਰਟੀ TVK ਦੇ ਹੀ ਵਿਧਾਇਕ ਹਨ। ਫਿਲਹਾਲ ਸਹਿਯੋਗੀ ਪਾਰਟੀਆਂ ਦੇ ਕਿਸੇ ਵੀ ਵਿਧਾਇਕ ਨੂੰ ਵਿਜੇ ਦੇ ਪਹਿਲੇ ਕੈਬਨਿਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵਿਜੇ ਨੇ ਸ਼ਨੀਵਾਰ ਨੂੰ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨਾਲ ਲੋਕ ਭਵਨ ਵਿੱਚ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਲਈ 121 ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪਿਆ ਸੀ। ਬਹੁਮਤ ਸਾਬਤ ਕਰਨ ਲਈ 118 ਵਿਧਾਇਕਾਂ ਦੀ ਲੋੜ ਸੀ। ਇਨ੍ਹਾਂ ਵਿੱਚੋਂ TVK ਦੇ 108, ਕਾਂਗਰਸ ਦੇ 5, CPI ਅਤੇ CPI(M) ਦੇ 2-2 ਵਿਧਾਇਕ ਸ਼ਾਮਲ ਹਨ। ਇਸ ਤੋਂ ਇਲਾਵਾ VCK ਅਤੇ IUML ਨੇ ਵੀ TVK ਨੂੰ ਆਪਣੇ 2-2 ਵਿਧਾਇਕਾਂ ਦਾ ਸਮਰਥਨ ਦਿੱਤਾ ਹੈ।
ਵਿਧਾਇਕਾਂ ਦਾ ਸਮਰਥਨ ਪੱਤਰ ਦੇਖਣ ਤੋਂ ਬਾਅਦ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਰਾਜਪਾਲ ਵੱਲੋਂ ਸੱਦਾ ਮਿਲਦੇ ਹੀ ਵਿਜੇ ਦੇ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।ਹਾਲਾਂਕਿ, ਥਲਾਪਤੀ ਵਿਜੇ ਦੇ ਮੁੱਖ ਮੰਤਰੀ ਬਣਨ ਦਾ ਰਾਹ ਇੰਨਾ ਸੌਖਾ ਨਹੀਂ ਸੀ।
ਦੱਸ ਦਈਏ ਕਿ 4 ਮਈ ਨੂੰ ਨਤੀਜੇ ਆਉਣ ਤੋਂ ਬਾਅਦ 9 ਮਈ ਤੱਕ ਤਮਿਲਨਾਡੂ ਵਿੱਚ ਹਾਈ-ਵੋਲਟੇਜ ਸਿਆਸੀ ਡਰਾਮਾ ਦੇਖਣ ਨੂੰ ਮਿਲਿਆ। ਥਲਾਪਤੀ 6 ਮਈ ਨੂੰ ਕਾਂਗਰਸ ਦੇ 5 ਵਿਧਾਇਕਾਂ ਦੇ ਸਮਰਥਨ ਨਾਲ ਰਾਜਪਾਲ ਨੂੰ ਮਿਲੇ ਸਨ, ਪਰ ਬਹੁਮਤ ਤੋਂ 5 ਵਿਧਾਇਕ ਘੱਟ ਹੋਣ ਕਾਰਨ ਰਾਜਪਾਲ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਸੀ। ਫਿਰ 7 ਮਈ ਨੂੰ ਖੱਬੀਆਂ ਪਾਰਟੀਆਂ ਦੇ 4 ਵਿਧਾਇਕਾਂ ਦੇ ਸਮਰਥਨ ਨਾਲ ਵਿਜੇ ਨੇ ਰਾਜਪਾਲ ਨਾਲ ਦੂਜੀ ਵਾਰ ਮੁਲਾਕਾਤ ਕੀਤੀ। ਤਦ ਰਾਜਪਾਲ ਨੇ ਫਿਰ ਤੋਂ 118 ਵਿਧਾਇਕਾਂ ਦਾ ਸਮਰਥਨ ਦਿਖਾਉਣ ਲਈ ਕਿਹਾ।
ਇਸ ਤੋਂ ਬਾਅਦ ਵਿਜੇ ਥੋੜ੍ਹਾ ਸਮਾਂ ਮੰਗ ਕੇ ਵਾਪਸ ਆ ਗਏ। 8 ਮਈ ਨੂੰ ਵਿਜੇ ਦੀ ਪਾਰਟੀ TVK ਨੇ VCK ਤੋਂ ਸਮਰਥਨ ਮਿਲਣ ਦਾ ਦਾਅਵਾ ਕੀਤਾ। ਸ਼ਾਮ ਨੂੰ ਵਿਜੇ ਲਗਾਤਾਰ ਤੀਜੇ ਦਿਨ ਗਵਰਨਰ ਕੋਲ ਪਹੁੰਚੇ, ਪਰ ਦੇਰ ਰਾਤ ਤੱਕ VCK ਨੇ ਸਮਰਥਨ ਦੇਣ ਦੀ ਪੁਸ਼ਟੀ ਨਹੀਂ ਕੀਤੀ, ਜਿਸ ਕਾਰਨ ਮਾਮਲਾ ਫਿਰ ਫਸ ਗਿਆ। 9 ਮਈ ਨੂੰ IUML ਅਤੇ VCK ਨੇ TVK ਨੂੰ ਸਮਰਥਨ ਦਿੱਤਾ, ਜਿਸ ਤੋਂ ਬਾਅਦ ਥਲਾਪਤੀ ਵਿਜੇ ਦੇ ਸੀਐਮ ਬਣਨ ਦਾ ਰਸਤਾ ਸਾਫ਼ ਹੋ ਸਕਿਆ।

