ਸੋਨੂੰ ਸੂਦ ਦੀ ਭੈਣ ਕਾਂਗਰਸ ‘ਚ ਸ਼ਾਮਲ, ਸਿੱਧੂ ਤੇ ਚੰਨੀ ਇੱਕੋ ਮੰਚ ‘ਤੇ ਆਏ ਨਜ਼ਰ

TeamGlobalPunjab
2 Min Read

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ‘ਚ ਸ਼ਾਮਿਲ ਹੋ ਗਈ ਹੈ। ਉਹ ਸੋਮਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਈ ।

ਇਸ ਮੌਕੇ ਸਿੱਧੂ ਨੇ ਕਿਹਾ ਕਿ ਸੋਨੂੰ ਸੂਦ ਨੇ ਕੋਰੋਨਾ ਦੇ ਦੌਰ ਵਿੱਚ ਮਨੁੱਖਤਾ ਲਈ ਅਨੋਖਾ ਕੰਮ ਕੀਤਾ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਸਾਡੇ ਨਾਲ ਜੁੜ ਰਿਹਾ ਹੈ।ਸਿੱਧੂ ਨੇ ਕਿਹਾ ਕਿ ਮਾਲਵਿਕਾ ਪੜ੍ਹੀ-ਲਿਖੀ ਔਰਤ ਹੈ ਅਤੇ ਪਾਰਟੀ ਨੂੰ ਅਜਿਹੇ ਲੋਕਾਂ ਦੀ ਲੋੜ ਹੈ।ਸੋਮਵਾਰ ਨੂੰ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਤੋਜ ਸਿੰਘ ਸਿੱਧੂ ਮਾਲਵਿਕਾ ਸੂਦ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਦਵਾਈ।ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਬਹੁਤ ਘੱਟ ਹੁੰਦੇ ਹਨ ਜਦੋਂ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਕਿਸੇ ਦੇ ਘਰ ਜਾ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹਨ। ਪਰ ਮਾਲਵਿਕਾ ਇਸਦੀ ਹੱਕਦਾਰ ਹੈ। ਪੰਜਾਬ ਦੀ ਸਿਆਸਤ ‘ਚ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਜਿਹੇ ਮੌਕੇ ਬਹੁਤ ਘੱਟ ਆਏ ਹਨ, ਜਦੋਂ ਉਨ੍ਹਾਂ ਨੇ ਸੂਬਾ ਕਾਂਗਰਸ ਪ੍ਰਧਾਨ ਸਿੱਧੂ ਨਾਲ ਸਟੇਜ ਸਾਂਝੀ ਕੀਤੀ ਹੋਵੇ।

 

ਇਸ ਦੌਰਾਨ ਸੋਨੂੰ ਸੂਦ ਵੀ ਘਰ ‘ਚ ਮੌਜੂਦ ਸਨ। ਹਾਲਾਂਕਿ, ਸੋਨੂੰ ਸੂਦ ਸੀਐਮ ਚੰਨੀ ਅਤੇ ਨਵਜੋਤ ਸਿੱਧੂ ਨਾਲ ਡਾਇਸ ‘ਤੇ ਨਹੀਂ ਗਏ। ਪੰਜਾਬ ਵਿੱਚ ਅਗਲੇ ਮਹੀਨੇ 14 ਫਰਵਰੀ ਨੂੰ ਚੋਣਾਂ ਹੋਣੀਆਂ ਹਨ। ਸੂਬੇ ਵਿੱਚ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਮਾਲਵਿਕਾ ਸੂਦ ਪੰਜਾਬ ਦੇ ਮੋਗਾ ਤੋਂ ਚੋਣ ਲੜ ਸਕਦੀ ਹੈ।

ਮਾਲਵਿਕਾ ਸੂਦ ਦੇ ਮੋਗਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਇਸ ਬਾਰੇ ਪੁੱਛੇ ਜਾਣ ‘ਤੇ ਸੀਐਮ ਚੰਨੀ ਨੇ ਕਿਹਾ ਕਿ ਇਸ ਬਾਰੇ ਪਾਰਟੀ ਹੀ ਫੈਸਲਾ ਕਰੇਗੀ। ਸਿੱਧੂ ਨੇ ਦੱਸਿਆ ਕਿ ਮਾਲਵਿਕਾ ਨੇ ਆਪਣੀ ਐਨਜੀਓ ਰਾਹੀਂ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋਈ ਹੈ।

Share this Article
Leave a comment