ਕੋਲਕਾਤਾ: ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਤੋਂ ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਮਾਨਿਕਤਾਲਾ ਪੁਲਿਸ ਵਰਚੁਅਲ ਪੁੱਛਗਿੱਛ ਕਰ ਰਹੀ ਹੈ। ਉੱਤਰੀ ਕੋਲਕਾਤਾ ਦੇ ਮਾਣੀਕਤਲਾ ਪੁਲਿਸ ਥਾਣੇ ਦੇ ਅਧਿਕਾਰੀਆਂ ਨੇ 10.20 ਵਜੇ ਅਭਿਨੇਤਾ ਤੋਂ ਪੁੱਛ-ਗਿੱਛ ਸ਼ੁਰੂ ਕੀਤੀ।
ਇਹ ਜਾਂਚ ਮਿਥੁਨ ਚੱਕਰਵਰਤੀ ਦੇ ਵਿਵਾਦਪੂਰਨ ਬਿਆਨਾਂ ‘ਤੇ ਕੀਤੀ ਜਾ ਰਹੀ ਹੈ, ਜੋ ਮਿਥੁਨ ਨੇ ਭਾਜਪਾ ਦੀ ਚੋਣ ਰੈਲੀ ਦੌਰਾਨ ਦਿੱਤੇ ਸਨ। ਰੈਲੀ ‘ਚ ਮਿਥੁਨ ਨੇ ‘ਮਾਰਬੋ ਏਖਨੇ ਲਾਸ਼ ਪੋਰਬੇ ਸ਼ੋਸ਼ਾਨੇ’ (‘ਮਾਰਾਂਗਾ ਇੱਥੇ ਲਾਸ਼ ਡਿੱਗੇਗੀ ਸ਼ਮਸ਼ਾਨਘਾਟ ‘ਚ’) ਅਤੇ ‘ਇਕ ਚੋਬੋਲੇ ਚਾਬੀ (ਸੱਪ ਦੇ ਇਕ ਦੰਸ਼ ਨਾਲ ਤੁਸੀਂ ਤਸਵੀਰ ‘ਚ ਕੈਦ ਹੋ ਜਾਵੋਗੇ) ਵਰਗੇ ਬੋਲ ਕਹੇ ਸਨ। ਮਿਥੁਨ ਨੇ ਇਹ ਵੀ ਕਿਹਾ ਕਿ ਮੈਂ ਜੋਲਧਰਾ ਸੱਪ ਵੀ ਨਹੀਂ, ਬੇਲੇਬੋਰਾ ਸੱਪ ਵੀ ਨਹੀਂ, ਮੈਂ ਕੋਬਰਾ ਹਾਂ, ਮੈਂ ਇੱਕ ਡੰਗ ਨਾਲ ਹੀ ਕੰਮ ਖਤਮ ਕਰ ਦੇਵਾਂਗਾ। ਇਨ੍ਹਾਂ ਬਿਆਨਾਂ ਬਾਰੇ ਕੋਲਕਾਤਾ ਦੇ ਮਾਨਿਕਤਾਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਮਿਥੁਨ ਚੱਕਰਵਰਤੀ ਦੇ ਇਸ ਨਫ਼ਰਤ ਭਰੇ ਭਾਸ਼ਣ ਕਾਰਨ ਚੋਣਾਂ ਤੋਂ ਬਾਅਦ ਬੰਗਾਲ ਵਿੱਚ ਹਿੰਸਾ ਹੋਈ ਹੈ। ਮਿਥੁਨ ਚੱਕਰਵਰਤੀ ਖਿਲਾਫ ਮਾਨਿਕਤਾਲਾ ਥਾਣੇ ਵਿੱਚ ਧਾਰਾ 153 ਏ, 504, 505 ਅਤੇ 120 ਬੀ ਦੇ ਤਹਿਤ ਸ਼ਿਕਾਇਤ ਕੀਤੀ ਗਈ ਸੀ।
ਚੱਕਰਵਰਤੀ ਨੇ ਕੋਲਕਾਤਾ ਪੁਲਿਸ ਵਲੋਂ ਦਰਜ ਸ਼ਿਕਾਇਤ ਨੂੰ ਖਾਰਜ ਕਰਨ ਲਈ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਚੱਕਰਵਰਤੀ ਨੇ ਪਟੀਸ਼ਨ ‘ਚ ਕਿਹਾ ਕਿ ਉਨ੍ਹਾਂ ਨੇ ਸਿਰਫ਼ ਆਪਣੀਆਂ ਫਿਲਮਾਂ ਦੇ ਡਾਇਲੌਗ ਬੋਲੇ ਸਨ।