ਪਟਿਆਲਾ: ਪਟਿਆਲਾ ਕੇਂਦਰੀ ਜੇਲ੍ਹ ਵਿੱਚ ਇੱਕ ਦੋਸ਼ੀ ਸਾਬਕਾ ਡੀਐਸਪੀ ਅਤੇ ਦੋ ਇੰਸਪੈਕਟਰਾਂ ‘ਤੇ ਰਾਡ ਨਾਲ ਕਾਤਲਾਨਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਤਿੰਨ ਪੁਲਿਸ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਇੰਸਪੈਕਟਰਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ। ਉਸਨੂੰ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਹੈ।
ਐਸਪੀ (ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਘਟਨਾ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਮੁਲਜ਼ਮ ਵੱਲੋਂ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ। ਜ਼ਖਮੀਆਂ ਵਿੱਚ ਸਾਬਕਾ ਡੀਐਸਪੀ ਗੁਰਬਚਨ ਸਿੰਘ ਅਤੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਅਤੇ ਇੰਦਰਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸੂਬਾ ਸਿੰਘ ਆਈਸੀਯੂ ਵਿੱਚ ਦਾਖਲ ਹੈ।
ਜਾਣਕਾਰੀ ਅਨੁਸਾਰ, ਦੋਸ਼ੀ ਸੰਦੀਪ ਸਿੰਘ ਨੂੰ ਹਾਲ ਹੀ ਵਿੱਚ ਉਕਤ ਸਾਬਕਾ ਪੁਲਿਸ ਅਧਿਕਾਰੀਆਂ ਦੀ ਬੈਰਕ ਵਿੱਚ ਬੰਦ ਕੀਤਾ ਗਿਆ ਸੀ। ਜਦੋਂ ਦੋਸ਼ੀ ਨੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਤਾਂ ਸਾਬਕਾ ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਤੋਂ ਗੁੱਸੇ ਵਿੱਚ ਆ ਕੇ ਦੋਸ਼ੀ ਸੰਦੀਪ ਸਿੰਘ ਸੰਨੀ ਨੇ ਤਿੰਨਾਂ ਪੁਲਿਸ ਅਧਿਕਾਰੀਆਂ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਐਸਪੀ (ਸਿਟੀ) ਅਨੁਸਾਰ ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ ਹੈ।ਇਸ ਹਮਲੇ ਵਿੱਚ ਤਿੰਨੋਂ ਪੁਲਿਸ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੇਰ ਰਾਤ ਤੱਕ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਹ ਆਈ.ਸੀ.ਯੂ. ਵਿੱਚ ਦਾਖਲ ਹਨ। ਬਾਕੀ ਦੋ ਪੁਲਿਸ ਅਧਿਕਾਰੀ ਇਸ ਵੇਲੇ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਨਵੰਬਰ 2022 ਵਿੱਚ, ਸ਼ਿਵ ਸੈਨਾ ਦੇ ਨੇਤਾ ਸੁਧੀਰ ਸੂਰੀ ਦੀ ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਸੰਦੀਪ ਸਿੰਘ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜੋ ਹੁਣ ਪਟਿਆਲਾ ਜੇਲ੍ਹ ਵਿੱਚ ਬੰਦ ਹੈ।