ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਹਾਦਸਾ, 1 ਜਖ਼ਮੀ

Global Team
3 Min Read

ਜਲੰਧਰ: ਜਲੰਧਰ ਦੇ ਸੋਢਲ ਇੰਡਸਟਰੀ ਏਰੀਆ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸਕੂਲ ਬੱਸ ਬੇਕਾਬੂ ਹੋ ਕੇ ਇੱਕ ਘਰ ਦੇ ਗੇਟ ਨਾਲ ਟਕਰਾ ਗਈ। ਇਹ ਹਾਦਸਾ ਇੱਕ ਪਿਕਅੱਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵੇਲੇ ਵਾਪਰਿਆ। ਇਸ ਦੌਰਾਨ ਬੱਸ ਵਿੱਚ ਲਗਭਗ 10 ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ, ਘਰ ਦਾ ਗੇਟ ਵੀ ਟੁੱਟ ਗਿਆ ਅਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ।ਘਟਨਾ ਤੋਂ ਤੁਰੰਤ ਬਾਅਦ ਪੀੜਤ ਪਰਿਵਾਰ ਨੇ ਮਾਮਲੇ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੂੰ ਦਿੱਤੀ। ਘਰ ਦੀ ਮਾਲਕਣ ਰਾਜਵੰਤ ਕੌਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ਦੇ ਅੰਦਰ ਹੀ ਮੌਜੂਦ ਸਨ ਕਿ ਅਚਾਨਕ ਭਿਆਨਕ ਆਵਾਜ਼ ਨਾਲ ਤੇਜ਼ ਰਫ਼ਤਾਰ ਬੱਸ ਉਨ੍ਹਾਂ ਦੇ ਘਰ ਦੇ ਗੇਟ ਵਿੱਚ ਆ ਵੱਜੀ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਗੇਟ ਪਰਖੱਚੇ ਉੱਡ ਗਏ ਅਤੇ ਗੇਟ ਦੇ ਅੰਦਰ ਵਿਹੜੇ ਵਿੱਚ ਖੜ੍ਹੀ ਪਰਿਵਾਰ ਦੀ ਕਾਰ ਬੱਸ ਦੀ ਲਪੇਟ ਵਿੱਚ ਆਉਣੋਂ ਮਸਾਂ ਬਚੀ।

ਰਾਜਵੰਤ ਕੌਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਚੌਰਾਹੇ ‘ਤੇ ਪਹਿਲਾਂ ਵੀ ਕਈ ਵਾਰ ਸੜਕ ਹਾਦਸੇ ਵਾਪਰ ਚੁੱਕੇ ਹਨ ਕਿਉਂਕਿ ਵਾਹਨ ਚਾਲਕ ਅਕਸਰ ਤੇਜ਼ ਰਫ਼ਤਾਰ ਨਾਲ ਲੰਘਦੇ ਹਨ। ਉਨ੍ਹਾਂ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਅਣਹੋਣੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਮੋੜ ‘ਤੇ ਤੁਰੰਤ ਸਪੀਡ ਬ੍ਰੇਕਰ ਬਣਾਏ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ ਲਾਪਰਵਾਹੀ ਵਰਤਣ ਵਾਲੇ ਬੱਸ ਚਾਲਕ ਖ਼ਿਲਾਫ਼ ਸਕੂਲ ਮੈਨੇਜਮੈਂਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਥਾਣਾ ਨੰਬਰ-1 ਦੀ ਪੁਲਿਸ ਨੂੰ ਵੀ ਕਾਨੂੰਨੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ, ਟਿਪਸ ਸਕੂਲ ਦੀ ਬੱਸ ਦੇ ਚਾਲਕ ਸ਼ੈਲੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਸਕੂਲ ਬੱਸ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਅੰਡਰਬ੍ਰਿਜ ਵਾਲੇ ਪਾਸਿਓਂ ਇੰਡਸਟਰੀ ਏਰੀਆ ਵੱਲ ਆ ਰਿਹਾ ਸੀ, ਤਾਂ ਅਚਾਨਕ ਚੌਰਾਹੇ ‘ਤੇ ਇੱਕ ਬੇਹੱਦ ਤੇਜ਼ ਰਫ਼ਤਾਰ ਪਿਕਅੱਪ ਗੱਡੀ ਬੱਸ ਦੇ ਸਾਹਮਣੇ ਆ ਗਈ।

ਡਰਾਈਵਰ ਨੇ ਦਾਅਵਾ ਕੀਤਾ ਕਿ ਸਾਹਮਣੇ ਤੋਂ ਆ ਰਹੀ ਪਿਕਅੱਪ ਨਾਲ ਸਿੱਧੀ ਟੱਕਰ ਬਚਾਉਣ ਲਈ ਉਸ ਨੇ ਬੱਸ ਨੂੰ ਇੱਕ ਪਾਸੇ ਮੋੜਿਆ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਘਰ ਦੇ ਗੇਟ ਨਾਲ ਜਾ ਟਕਰਾਈ। ਉਸ ਨੇ ਕਿਹਾ ਕਿ ਬੱਸ ਦੀ ਗਤੀ ਜ਼ਿਆਦਾ ਨਹੀਂ ਸੀ, ਪਰ ਅਚਾਨਕ ਪ੍ਰੈਸ਼ਰ ਬ੍ਰੇਕ ਲਗਾਉਣ ਕਾਰਨ ਵਾਹਨ ਦਾ ਸੰਤੁਲਨ ਵਿਗੜ ਗਿਆ। ਹਾਦਸੇ ਤੋਂ ਤੁਰੰਤ ਬਾਅਦ ਪਿਕਅੱਪ ਗੱਡੀ ਦਾ ਚਾਲਕ ਮੌਕੇ ਤੋਂ ਵਾਹਨ ਭਜਾ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਹਾਦਸਾ ਵਾਪਰਨ ਮਗਰੋਂ ਬੱਸ ਚਾਲਕ ਨੇ ਤੁਰੰਤ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ‘ਤੇ ਦੂਜੀ ਬੱਸ ਭੇਜੀ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਦੂਜੀ ਗੱਡੀ ਵਿੱਚ ਬਿਠਾ ਕੇ ਸਕੂਲ ਪਹੁੰਚਾਇਆ।

Share This Article
Leave a Comment