ਝੋਨੇ ਦੀ ਵਿੱਕਰੀ ਦਾ ਵੱਡਾ ਸੰਕਟ!

Global Team
5 Min Read

ਜਗਤਾਰ ਸਿੰਘ ਸਿੱਧੂ;

ਪੰਜਾਬ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਵੱਡੇ ਸੰਕਟ ਵਿਚੋਂ ਨਿਕਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਦੇ ਹੱਲ ਲਈ ਵੱਖ-ਵੱਖ ਧਿਰਾਂ ਨਾਲ ਪਿਛਲੇ ਕਈ ਦਿਨ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਸ਼ੈਲਰ ਮਾਲਕਾਂ, ਆੜਤੀਆਂ, ਮਜਦੂਰਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਮੀਟਿਗਾਂ ਦੇ ਕਈ ਦੌਰ ਹੋ ਚੁੱਕੇ ਹਨ। ਕੁਝ ਮਾਮਲੇ ਤਾਂ ਪੰਜਾਬ ਸਰਕਾਰ ਨਾਲ ਸਬੰਧਤ ਹਨ ਪਰ ਸਾਰੇ ਵੱਡੇ ਮਾਮਲੇ ਕੇਂਦਰ ਸਰਕਾਰ ਨਾਲ ਸਬੰਧਤ ਹਨ। ਜੇ ਕੇਵਲ ਅੱਜ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਆੜਤੀ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਆੜਤੀ ਜਥੇਬੰਦੀ ਦੇ ਆਗੂ ਜਿਥੇ ਆਪਣਾ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਸਨ ਉਥੇ ਉਨਾਂ ਦੇ ਕਈ ਪੁਰਾਣੇ ਮਸਲੇ ਵੀ ਫਸੇ ਪਏ ਹਨ। ਆਖਿਰ ਵਿਚ ਆੜਤੀਆਂ ਨਾਲ ਮਾਮਲਾ ਨਿਬੜ ਗਿਆ। ਮੁੱਖ ਮੰਤਰੀ ਮਾਨ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਆੜਤੀਆਂ ਦਾ ਸਾਰਾ ਮਾਮਲਾ ਕੇਂਦਰ ਨੂੰ ਹੱਲ ਕਰਨ ਲਈ ਕਿਹਾ ਜਾਵੇਗਾ। ਆੜਤੀਆਂ ਨੇ ਵੀ ਗਲ਼ਬਾਤ ਬਾਰੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਆਖ ਦਿਤਾ ਹੈ ਕਿ ਭਲਕ ਤੋ ਮੰਡੀਆਂ ਵਿੱਚ ਪਰਤ ਆਉਣਗੇ। ਇਸ ਨਾਲ ਸਥਿਤੀ ਸੁਧਰਦੀ ਨਜਰ ਤਾਂ ਆ ਰਹੀ ਹੈ ਪਰ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗੇ ਪਏ ਹਨ ਤਾਂ ਕੀ ਕੇੱਦਰ ਇਸ ਮਾਮਲੇ ਦਾ ਕੋਈ ਹੱਲ ਕਰੇਗਾ! ਮੁੱਖ ਮੰਤਰੀ ਮਾਨ ਲਗਾਤਾਰ ਦੋ ਪੱਤਰ ਝੋਨੇ ਦੀ ਚੁਕਾਈ ਬਾਰੇ ਕੇਂਦਰ ਨੂੰ ਲਿਖ ਚੁੱਕਾ ਹੈ। ਪੰਜਾਬ ਦਾ ਕਹਿਣਾ ਹੈ ਕਿ ਜੇਕਰ ਬੀਹ ਲੱਖ ਟਨ ਚਾਵਲ ਦੀ ਚੁਕਾਈ ਰੋਜਾਨਾ ਕੇਂਦਰ ਸਰਕਾਰ ਕਰੇਗੀ ਤਾਂ ਸਥਿਤੀ ਸੁਧਰੇਗੀ। ਜੇਕਰ ਅਜਿਹਾ ਨਹੀਂ ਵਾਪਰਦਾ ਹੈ ਤਾਂ ਮੰਡੀਆਂ ਵਿਚ ਝੋਨੇ ਦਾ ਇਕ ਦਾਣਾ ਵੀ ਹੋਰ ਰੱਖਣਾ ਮੁਸ਼ਕਲ ਹੋਵੇਗਾ ਅਤੇ ਕਿਸਾਨ ਦੀ ਬੇਚੈਨੀ ਅਮਨ ਕਾਨੂੰਨ ਦੀ ਸਥਿਤੀ ਦਾ ਵੱਡਾ ਕਾਰਨ ਬਣ ਸਕਦੀ ਹੈ।

ਕਿਸਾਨ ਦੀ ਸਥਿਤੀ ਇਹ ਬਣ ਗਈ ਹੈ ਕਿ ਜਿਹੜੀਆਂ ਮੰਡੀਆਂ ਪਹਿਲਾਂ ਹੀ ਨੱਕੋਨੱਕ ਭਰੀਆਂ ਪਈਆਂ ਹਨ ਤਾਂ ਕਿਸਾਨ ਆਪਣੀ ਫਸਲ ਕਿਥੇ ਰੱਖੇਗਾ? ਇਸ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਚੰਡੀਗੜ ਵਿਚ ਮੁੱਖ ਮੰਤਰੀ ਮਾਨ ਨਾਲ ਝੋਨੇ ਦੀ ਖਰੀਦ ਅਤੇ ਹੋਰ ਅਹਿਮ ਮਾਮਲਿਆਂ ਬਾਰੇ ਮੀਟਿੰਗ ਕਰ ਚੁੱਕੇ ਹਨ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੀ ਮਦਦ ਸਮੇਤ ਕੁਝ ਮਾਮਲਿਆਂ ਉੱਪਰ ਸਹਿਮਤੀ ਵੀ ਬਣੀ ਸੀ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਝੋਨੇ ਦੀ ਵਿੱਕਰੀ, ਡੀ ਏ ਪੀ ਖਾਦ ਦੀ ਘਾਟ ਨੂੰ ਲੈਕੇ ਮੁਖ ਮੰਤਰੀ ਮਾਨ ਨਾਲ ਮੁਲਾਕਾਤ ਲਈ ਆਏ ਸਨ। ਕਿਸਾਨ ਲਈ ਮੁਸ਼ਕਲ ਇਹ ਬਣ ਗਈ ਹੈ ਕਿ ਜੇਕਰ ਝੋਨੇ ਦੀ ਖਰੀਦ ਅੱਜ ਵੀ ਸ਼ੁਰੂ ਹੋ ਜਾਂਦੀ ਹੈ ਤਾਂ ਕੀ ਮੰਡੀਆਂ ਵਿਚ ਝੋਨੇ ਦੀ ਨਿਕਾਸੀ ਹੋਕੇ ਬਾਕੀ ਕਿਸਾਨਾਂ ਨੂੰ ਆਪਣੀ ਫਸਲ ਲਈ ਥਾਂ ਮਿਲ ਜਾਵੇਗੀ? ਹਜਾਰਾਂ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਮੇਂ ਸਿਰ ਹੋ ਸਕੇਗੀ?

ਬੇਸ਼ਕ ਖਰੀਦ ਦਾ ਸਮੇ ਸਿਰ ਢੁਕਵਾਂ ਬੰਦੋਬਸਤ ਕਰਨਾ ਸਬੰਧਤ ਸੂਬੇ ਦੀ ਜਿੰਮੇਵਾਰੀ ਹੁੰਦੀ ਹੈ ਪਰ ਕੇਂਦਰ ਆਪਣੀ ਜਿੰਮੇਵਾਰੀ ਤੋਂ ਪੱਲਾ ਕਿਵੇਂ ਝਾੜ ਸਕਦਾ ਹੈ। ਜੇਕਰ ਦੇਰੀ ਹੋਵੇਗੀ ਤਾਂ ਝੋਨੇ ਲਈ ਨਮੀ ਦੀ ਸਮਸਿਆ ਪੈਦਾ ਹੋ ਜਾਵੇਗੀ ਅਤੇ ਕੇਂਦਰੀ ਏਜੰਸੀਆਂ ਵੀ ਨਾਂਹ ਨੁਕਰ ਕਰਦੀਆਂ ਹਨ।

ਇਹ ਅਜਿਹਾ ਸਮਾ ਹੁੰਦਾ ਹੈ ਜਦੋਂ ਇਕ ਪਾਸੇ ਤਾਂ ਕਿਸਾਨ ਨੇ ਸਾਉਣੀ ਦੀ ਫਸਲ ਦੀ ਸੰਭਾਲ ਕਰਨੀ ਹੈ ਪਰ ਦੂਜੇ ਪਾਸੇ ਕਣਕ ਦੀ ਫਸਲ ਦੀ ਬਿਜਾਈ ਸਿਰ ਤੇ ਆ ਗਈ ਹੈ ਅਤੇ ਡੀ ਏ ਪੀ ਖਾਦ ਦੀ ਘਾਟ ਕਿਸਾਨਾਂ ਲਈ ਹੋਰ ਚਿੰਤਾ ਦਾ ਕਾਰਨ ਬਣ ਰਹੀ ਹੈ। ਕਣਕ ਦੀ ਫਸਲ ਦੀ ਬਿਜਾਈ ਮੌਕੇ ਡੀ ਏ ਪੀ ਖਾਦ ਨਾ ਮਿਲੀ ਤਾਂ ਬਿਜਾਈ ਉਪਰ ਮਾੜਾ ਅਸਰ ਪਏਗਾ। ਪਹਿਲਾਂ ਹੀ ਮੰਡੀ ਵਿਚ ਨਕਲੀ ਖਾਦ ਦੀ ਵਿਕਰੀ ਕਿਸਾਨ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਝੋਨੇ ਦੀ ਖਰੀਦ ਕੋਈ ਅਚਾਨਕ ਤਾਂ ਮੰਡੀ ਵਿਚ ਸ਼ੁਰੂ ਨਹੀ ਹੋ ਰਹੀ ਤਾਂ ਫਿਰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਮੇ ਸਿਰ ਤਾਲਮੇਲ ਕਰਕੇ ਮਸਲੇ ਦਾ ਹਲ਼ ਕਿਉਂ ਨਹੀ ਕੀਤਾ ਗਿਆ। ਕਿਸਾਨ ਪਹਿਲਾਂ ਹੀ ਵਡੇ ਸੰਕਟ ਦਾ ਸ਼ਿਕਾਰ ਹੈ ਅਤੇ ਮੰਡੀ ਦੀ ਬੇਲੋੜੀ ਸਮਸਿਆ ਉਸ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਕਰਦੀ ਹੈ ਅਤੇ ਫਿਰ ਉਹ ਮਸਲੇ ਦੇ ਹਲ਼ ਲਈ ਅੰਦੋਲਨ ਦਾ ਰਾਹ ਲੈਂਦਾ ਹੈ ਤਾਂ ਉਸ ਨੂੰ ਦੇਸ਼ ਵਿਰੋਧੀ ਜਿਹੇ ਰੁਤਬੇ ਦੇਕੇ ਭੰਢਿਆ ਜਾਂਦਾ ਹੈ ।ਜੇਕਰ ਕਿਸਾਨ ਨੂੰ ਫਸਲ ਦੀ ਵਿਕਰੀ ਕਈ ਅੰਦੋਲਨ ਕਰਨਾ ਪਏ ਤਾਂ ਭੁੱਖ ਮਰੀ ਨਾਲ ਜੂਝ ਰਹੇ ਦੇਸ਼ ਦੀ ਇਸ ਤੋਂ ਵੱਡੀ ਤ੍ਰਾਸਦੀ ਕੀ ਹੋਵੇਗੀ?

ਸੰਪਰਕ 9814002186

Share This Article
Leave a Comment