ਹੁਸ਼ਿਆਰਪੁਰ (ਕੁਮਾਰ ਅਮਰੀਕ) : ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸ਼ੁਕਰਵਾਰ ਨੂੰ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ‘ਆਪ’ ਵਲੋਂ ਮੁਹਾਲੀ ਜ਼ਮੀਨ ਘੁਟਾਲੇ ‘ਚ ਮੰਤਰੀ ਸੁੰਦਰ ਅਰੋੜਾ ਦੀ ਕਥਿਤ ਸ਼ਮੂਲੀਅਤ ਦੇ ਵਿਰੋਧ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ‘ਆਪ’ ਨੇ ਮੰਤਰੀ ਅਰੋੜਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ।
‘ਆਪ’ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਤੇ ਸਿਰਫ ਘੁਟਾਲਿਆਂ ਦੀ ਜਨਨੀ ਬਣ ਕੇ ਰਹਿ ਗਈ ਹੈ ਕਦੀ ਕਿਸੇ ਮੰਤਰੀ ਦਾ ਘੁਟਾਲਾ ਸਾਹਮਣੇ ਆਉਂਦਾ ਹੈ ਤੇ ਕਦੀ ਕਿਸੇ ਮੰਤਰੀ ਦਾ ।
‘ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਮੁਹਾਲੀ ‘ਚ ਹੋਏ ਲੈਂਡ ਸਕੈਮ ਘੁਟਾਲੇ ਦੇ ਮੁੱਖ ਦੋਸ਼ੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਕੈਬਨਿਟ ਚੋਂ ਬਰਖਾਸਤ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ 20 ਅਗਸਤ ਨੂੰ ਹੁਸ਼ਿਆਰਪੁਰ ਸਥਿਤ ਕੈਬਨਿਟ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਇਸ ਤਹਿਤ ਅੱਜ ਆਪ ਪਾਰਟੀ ਵੱਲੋਂ ਘਿਰਾਓ ਕੀਤਾ ਗਿਆ ।
ਇਸ ਰੋਸ ਪ੍ਰਦਰਸ਼ਨ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਭਾਗ ਲਿਆ ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਨੂੰ ਮੁੱਖ ਰੱਖਦਿਆਂ ਹੋਇਆਂ ਪੁਲਿਸ ਵੱਲੋਂ ਪਹਿਲਾਂ ਹੀ ਸਖਤ ਪ੍ਰਬੰਧ ਕੀਤੇ ਹੋਏ ਸਨ । ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਜੰਮ ਕੇ ਧੱਕਾ-ਮੁੱਕੀ ਵੀ ਹੋਈ ।
ਹਾਲਾਂਕਿ ਆਗੂਆਂ ਵੱਲੋਂ ਬੈਰੀਕੇਡ ਤੋੜ ਕੇ ਅੱਗੇ ਲੰਘਣ ਦੀ ਕਈ ਵਾਰ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆਵਾਂ ਦੇ ਪ੍ਰਬੰਧਾਂ ਕਾਰਨ ਅੱਗੇ ਵਧਣ ‘ਚ ਨਾਕਾਮ ਰਹੇ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਬੇਰੰਗ ਹੀ ਮੁੜਨਾ ਪਿਆ ।