ਕਪੂਰਥਲਾ: ਪੰਜਾਬ ਦੇ ਕਪੂਰਥਲਾ ‘ਚ ‘ਆਪ’ ਆਗੂ ਦੀ ਕਾਰ ‘ਚੋਂ ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲੀ ਹੈ। ।ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ ਵਾਸੀ ਗਿੱਲ ਪਿੰਡ, ਜਲੰਧਰ ਵਜੋਂ ਹੋਈ ਹੈ। ਥਾਣਾ ਭੁਲੱਥ ਦੇ SHO ਹਰਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਸਿਲ ਜਾਣਕਾਰੀ ਅਨੁਸਾਰ ‘ਆਪ’ ਆਗੂ ਸੁਖਬੀਰ ਸਿੰਘ ਕੱਲ੍ਹ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਵਿਖੇ ਕਿਸੇ ਜਾਣ-ਪਛਾਣ ਵਾਲੇ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਪਰ ਦੇਰ ਰਾਤ ਸੁਖਬੀਰ ਸਿੰਘ ਦੀ ਲਾਸ਼ ਭੁਲੱਥ ਨੇੜੇ ਉਸਦੀ ਕਾਰ ਵਿੱਚੋਂ ਮਿਲੀ। SHO ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਕਿਸੇ ਰਾਹਗੀਰ ਨੇ ਦੇਖਿਆ ਕਿ ਵਿਅਕਤੀ ਦੀ ਕਾਰ ਸੜਕ ਦੇ ਹੇਠਾਂ ਖੜ੍ਹੀ ਸੀ। ਕਾਰ ਵਿੱਚ ਇੱਕ ਵਿਅਕਤੀ ਬੇਹੋਸ਼ ਪਿਆ ਸੀ। ਇਸ ਤੋਂ ਬਾਅਦ ਰਾਹਗੀਰਾਂ ਨੇ ਸੁਖਬੀਰ ਦੇ ਫੋਨ ਦੀ ਤਲਾਸ਼ੀ ਲਈ ਅਤੇ ਉਸ ਦੇ ਘਰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ।
ਨਾਲ ਹੀ ਉਨ੍ਹਾਂ ਦਸਿਆ ਕਿ ਰਾਹਗੀਰਾਂ ਨੇ ਸੁਖਬੀਰ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ‘ਆਪ’ ਨੇਤਾ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.