ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ):ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਨੂੰ ਅੱਜ ਉਸ ਵੇਲੇ ਮੁਹਾਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਵਜ਼ੀਫ਼ਾ ਸਕੈਂਡਲ ਮਾਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ਦੇ ਸਾਹਮਣੇ ਰੋਸ ਵਿਖਾਵਾ ਕਰਨ ਪਹੁੰਚੇ ਸਨ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਅਚਾਨਕ ਹੀ ਪ੍ਰੋਗਰਾਮ ਉਲੀਕ ਕੇ ਇਹ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ।ਇਸ ਦੀ ਸੂਚਨਾ ਮੀਡੀਆ ਨੂੰ ਵੀ ਐਨ ਮੌਕੇ ‘ਤੇ ਦਿੱਤੀ ਗਈ। ਰੋਸ਼ ਵਿਖਾਵੇ ਤੋਂ ਅੱਧੇ ਘੰਟੇ ਬਾਅਦ ਪੁਲਿਸ ਨੇ ਇਨ੍ਹਾਂ ਵਿਧਾਇਕਾਂ ,ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਖਰੜ ਥਾਣੇ ਵਿੱਚ ਬੰਦ ਕਰ ਦਿੱਤਾ।
ਆਮ ਆਦਮੀ ਪਾਰਟੀ ਦੇ ਆਗੂ ਮੰਗ ਕਰ ਰਹੇ ਸਨ ਕਿ ਵਜ਼ੀਫ਼ਾ ਸੈਕੰਡਰ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ । ਉਨ੍ਹਾਂ ਇਹ ਮੰਗ ਵੀ ਕੀਤੀ ਕਿ ਐਸ.ਸੀ. ਵਰਗ ਅਤੇ ਘੱਟ ਗਿਣਤੀ ਵਿਦਿਆਰਥੀਆਂ ਨੂੰ ਸਮੇਂ ਸਿਰ ਵਜ਼ੀਫ਼ਾ ਰਾਸ਼ੀ ਦਿੱਤੀ ਜਾਵੇ।
ਆਮ ਆਦਮੀ ਪਾਰਟੀ ਕੈਪਟਨ ਸਰਕਾਰ ‘ਤੇ ਇਹ ਦੋਸ਼ ਲਗਾਉਂਦੀ ਆ ਰਹੀ ਹੈ ਕਿ ਵਜ਼ੀਫਾ ਰਾਸ਼ੀ ਵਿੱਚ ਵੱਡੇ ਸਕੈਂਡਲ ਕਰਨ ਵਾਲੀਆਂ ਪ੍ਰਾਈਵੇਟ ਸੰਸਥਾਵਾਂ ਨੂੰ ਹੀ ਫਿਰ ਤੋਂ ਵਜ਼ੀਫ਼ਾ ਰਾਸ਼ੀ ਦਿੱਤੀ ਗਈ ਹੈ। ਪਿਛਲੇ ਤਿੰਨ ਸਾਲ ਤੋਂ ਸਰਕਾਰ ਗ਼ਰੀਬ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਨਹੀਂ ਦੇ ਰਹੀ ਜਿਸ ਕਾਰਨ ਵਿਦਿਆਰਥੀਆਂ ਨੂੰ ਦਾਖ਼ਲੇ ਲੈਣ ਅਤੇ ਡਿਗਰੀਆਂ ਹਾਸਲ ਕਰਨ ਵਿੱਚ ਦਿੱਕਤ ਬਣੀ ਹੋਈ ਹੈ।