ਵਾਰਸਾ : ਪੋਲੈਂਡ ਅਤੇ ਚੈੱਕ ਰਿਪਬਲੀਕਨ ਦੀ ਸਰਹੱਦ ‘ਤੇ ਪੈਂਦੇ ਪਿੰਡ ਮਿਜਸਕੇ ਓਡਰਜ਼ਕੀ ਵਿਚ ਪਿਛਲੇ ਨੌਂ ਸਾਲਾਂ ਵਿਚ ਕੋਈ ਵੀ ਲੜਕਾ ਪੈਦਾ ਨਹੀਂ ਹੋਇਆ ਹੈ। ਆਖਰੀ ਵਾਰ ਇੱਥੇ ਇੱਕ ਲੜਕੇ ਦਾ ਜਨਮ 2010 ਵਿੱਚ ਹੋਇਆ ਸੀ, ਪਰ ਉਸਨੇ ਆਪਣੇ ਪਰਿਵਾਰ ਸਮੇਤ ਪਿੰਡ ਛੱਡ ਦਿੱਤਾ। ਹੁਣ ਇੱਥੇ ਸਭ ਤੋਂ ਛੋਟਾ ਲੜਕਾ 12 ਸਾਲਾਂ ਦਾ ਹੈ। ਜਾਣਕਾਰੀ ਮੁਤਾਬਿਕ ਇਸ ਪਿੰਡ ਵਿਚ ਕੁੜੀਆਂ ਦਾ ਜਨਮ ਹੁੰਦਾ ਰਹਿੰਦਾ ਹੈ ਪਰ ਮੁੰਡਿਆਂ ਦਾ ਜਨਮ ਬਹੁਤ ਘੱਟ ਹੁੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸੇ ਲਈ ਇਸ ਜਗ੍ਹਾ ਦੇ ਮੇਅਰ ਨੇ ਉਸ ਪਰਿਵਾਰ ਲਈ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਸ ਦੇ ਘਰ ਪੁੱਤਰ ਪੈਦਾ ਹੋਏਗਾ।
ਕਿਸੇ ਨੂੰ ਵੀ ਪਿੰਡ ਵਿਚ ਮੁੰਡੇ ਦਾ ਜਨਮ ਨਾ ਹੋਣ ਦਾ ਕਾਰਨ ਤਾਂ ਪਤਾ ਨਹੀਂ ਹੈ, ਪਰ ਲੋਕ ਕਹਿੰਦੇ ਹਨ ਕਿ ਇਥੇ ਲੰਬੇ ਸਮੇਂ ਤੋਂ ਲਿੰਗ ਅਨੁਪਾਤ ਵਿਚ ਅੰਤਰ ਹੈ। ਕੁੜੀਆਂ ਵਧੇਰੇ ਹਨ ਅਤੇ ਮੁੰਡੇ ਘੱਟ ਹਨ। ਜਾਣਕਾਰੀ ਮੁਤਾਬਿਕ ਇਸ ਪਿੰਡ ਵਿੱਚ ਲਗਭਗ 300 ਵਿਅਕਤੀਆਂ ਦੇ ਘਰ ਹਨ, ਜਿਨ੍ਹਾਂ ਵਿੱਚ ਜਿਆਦਾਤਰ ਲੜਕੀਆਂ ਅਤੇ ਔਰਤਾਂ ਹੀ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ ਮੇਅਰ ਰੇਜਮੰਡ ਫ੍ਰੀਸਕੋ ਨੇ ਰਜਿਸਟਰਡ ਜਨਮ ਸਰਟੀਫਿਕੇਟ ਅਤੇ ਇਤਿਹਾਸਕ ਰਿਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ, ਪੁਸ਼ਟੀ ਕੀਤੀ ਹੈ ਕਿ ਇੱਥੇ ਮੁੰਡਿਆਂ ਦੀ ਜਨਮ ਦਰ ਇਕ ਸੱਚਮੁੱਚ ਅਨੋਖੀ ਘਟਨਾ ਹੈ। ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਵਾਰਸਾ ਦੀ ਇਕ ਯੂਨੀਵਰਸਿਟੀ ਨੇ ਵੀ ਇਸ ‘ਤੇ ਖੋਜ ਸ਼ੁਰੂ ਕਰ ਦਿੱਤੀ ਹੈ ਕਿ ਇੱਥੇ ਅਜਿਹਾ ਕਿਉਂ ਹੈ?