ਨਿਊਜ਼ ਡੈਸਕ: ਤੁਸੀਂ ਇਹ ਗੱਲ, ਤਾਂ ਜ਼ਰੂਰ ਸੁਣੀ ਹੋਵੋਗੇ ਕਿ ਸ਼ਹਿਰ ਵਿੱਚ ਰਹਿਣ ਵਾਲੇ ਲਗਭਗ ਹਰ ਵਿਅਕਤੀ ਕੋਲ ਆਪਣੀ ਗੱਡੀ ਹੁੰਦੀ ਹੈ। ਪਰ ਕੀ ਤੁਸੀਂ ਕਦੇ ਅਜਿਹੇ ਸ਼ਹਿਰ ਬਾਰੇ ਸੁਣਿਆ ਹੈ, ਜਿੱਥੇ ਰਹਿਣ ਵਾਲੇ ਹਰ ਵਿਅਕਤੀ ਕੋਲ ਆਪਣਾ ਹਵਾਈ ਜਹਾਜ਼ ਹੈ। ਇੰਨਾ ਹੀ ਨਹੀਂ ਇਸ ਸ਼ਹਿਰ ਦੇ ਲੋਕ ਦਫਤਰ ਜਾਂ ਆਪਣੇ ਕੰਮ ‘ਤੇ ਜਾਣ ਲਈ ਵੀ ਏਅਰਕਰਾਫਟ ਦਾ ਹੀ ਇਸਤੇਮਾਲ ਕਰਦੇ ਹਨ।
ਦਰਅਸਲ, ਇਹ ਹਵਾਈ ਸ਼ਹਿਰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੈ। ਇਸ ਸ਼ਹਿਰ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਪਾਇਲਟ ਹਨ। ਅਜਿਹੇ ਵਿੱਚ ਪਲੇਨ ਰੱਖਣਾ ਆਮ ਗੱਲ ਹੈ। ਇਸ ਤੋਂ ਇਲਾਵਾ ਇਸ ਸ਼ਹਿਰ ਵਿੱਚ ਡਾਕਟਰ, ਵਕੀਲ ਆਦਿ ਵੀ ਹਨ, ਪਰ ਇਹ ਲੋਕ ਵੀ ਪਲੇਨ ਰੱਖਣ ਦੇ ਸ਼ੌਕੀਨ ਹਨ। ਇਸ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਵਾਈ ਜਹਾਜ਼ ਦਾ ਇੰਨਾ ਸ਼ੌਕ ਹੈ ਕਿ ਹਰ ਸ਼ਨੀਵਾਰ ਸਵੇਰੇ ਸਾਰੇ ਲੋਕ ਇਕੱਠੇ ਹੁੰਦੇ ਹਨ ਅਤੇ ਲੋਕਲ ਏਅਰਪੋਰਟ ਤੱਕ ਜਾਂਦੇ ਹਨ।
ਹਵਾਈ ਸ਼ਹਿਰ ਵਿੱਚ ਪਲੇਨ ਦਾ ਮਾਲਕ ਹੋਣਾ ਇੱਕਦਮ ਉਹੋ ਜਿਹਾ ਹੀ ਹੈ ਜਿਵੇਂ ਕਾਰ ਦਾ ਮਾਲਕ ਹੋਣਾ। ਇਥੋਂ ਦੀ ਕਲੋਨੀ ਦੀਆਂ ਗਲੀਆਂ ਅਤੇ ਲੋਕਾਂ ਦੇ ਘਰਾਂ ਦੇ ਸਾਹਮਣੇ ਬਣੇ ਹੈਂਗਰ ਵਿੱਚ ਜਹਾਜ਼ਾਂ ਨੂੰ ਵੇਖਿਆ ਜਾ ਸਕਦਾ ਹੈ। ਹੈਂਗਰ ਉਹ ਜਗ੍ਹਾ ਹੁੰਦੀ ਹੈ, ਜਿੱਥੇ ਏਅਰਪਲੇਨ ਖੜ੍ਹੇ ਕੀਤੇ ਜਾਂਦੇ ਹਨ। ਇਸ ਸ਼ਹਿਰ ਦੀਆਂ ਸੜਕਾਂ ਵੀ ਕਾਫ਼ੀ ਚੌੜੀਆਂ ਹਨ, ਤਾਂਕਿ ਪਾਇਲਟ ਇਸ ਨੂੰ ਰਨਵੇਅ ਦੇ ਤੌਰ ‘ਤੇ ਇਸਤੇਮਾਲ ਕਰ ਸਕਣ।
ਦੱਸ ਦਈਏ ਕਿ ਇਸ ਸ਼ਹਿਰ ਵਿੱਚ ਹਵਾਈ ਜਹਾਜ਼ਾਂ ਦੇ ਪੱਖਿਆਂ ਨੂੰ ਨੁਕਸਾਨ ਨਾ ਪੁੱਜੇ ਇਸ ਲਈ ਸੜਕ ਦੇ ਸੰਕੇਤਾਂ ਅਤੇ ਲੈਟਰਬਾਕਸ ਨੂੰ ਆਮ ਨਾਲੋਂ ਘੱਟ ਉਚਾਈ ‘ਤੇ ਲਗਾਇਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸ਼ਹਿਰ ਵਿੱਚ ਸੜਕ ਦੇ ਨਾਮ ਵੀ ਜਹਾਜ਼ਾਂ ਦੇ ਨਾਲ ਜੁੜੇ ਹੋਏ ਹਨ ਜਿਵੇਂ ਕਿ ਬੋਇੰਗ ਰੋਡ।