ਸੰਗਰੂਰ:- ਪਿੰਡ ਬਡਰੁੱਖਾਂ ’ਚ ਕੌਮੀ ਪੰਛੀ ਮੋਰ ਦੀ ਮੌਤ ਦਾ ਮਾਮਲਾ ਗੰਭੀਰ ਬਣ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਵਣ ਵਿਭਾਗ ਵੱਲੋਂ ਤਿੰਨ ਮੈਂਬਰੀ ਟੀਮ ਬਣਾਈ ਗਈ ਹੈ। ਟੀਮ ਨੇ ਬਡਰੁੱਖਾਂ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਿੰਡ ਵਾਸੀਆਂ ਅਨੁਸਾਰ ਮੋਰ ਦੀ ਮੌਤ ਦਾ ਕਾਰਨ ਚੀਨੀ ਡੋਰ ਹੈ ਜਿਸ ਕਰਕੇ ਮੋਰ ਜ਼ਖ਼ਮੀ ਹੋ ਗਿਆ ਸੀ।
ਦੱਸ ਦਈਏ ਪਿੰਡ ਦੇ ਗੁਰਦੁਆਰੇ ਨੇੜੇ ਮੋਰ ਜ਼ਖ਼ਮੀ ਹਾਲਤ ’ਚ ਮਿਲਿਆ ਸੀ। ਪਿੰਡ ਵਾਲੇ ਮੋਰ ਨੂੰ ਵੈਟਰਨਰੀ ਹਸਪਤਾਲ ਲੈ ਕੇ ਗਏ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ, ਜਿਸ ਮਗਰੋਂ ਬਡਰੁੱਖਾਂ ਚੌਕੀ ਦੀ ਪੁਲੀਸ ਪਿੰਡ ਦੇ ਗੁਰਦੁਆਰੇ ਪਹੁੰਚੀ ਤੇ ਮੋਰ ਨੂੰ ਵਣ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ। ਵਣ ਵਿਭਾਗ ਅਗਲੀ ਕਾਰਵਾਈ ਕਰ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।