ਨਾਗਪੁਰ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦੇਸ਼ ਦੁਨੀਆਂ ਅੰਦਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ । ਇਸ ਦੌਰਾਨ ਜਿਥੇ ਕਿੰਨੇ ਹੀ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਤਾਂ ਉੱਥੇ ਹੀ ਕਈ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਦੇ ਰੋਟੀ ਦੇ ਲਾਲੇ ਪੈ ਗਏ ਹਨ । ਦੇਸ਼ ਅੰਦਰ ਹੋਏ ਲਾਕ ਡਾਊਨ ਕਾਰਨ ਕਿੰਨੇ ਹੀ ਲੋਕਾਂ ਦੀ ਨੌਕਰੀ ਚਲੀ ਗਈ ਹੈ । ਇਕ ਅਜਿਹਾ ਹੀ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ। ਦਰਅਸਲ ਇਥੇ ਪੁਲੀਸ ਵੱਲੋਂ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਜੋ ਪੇਸ਼ੇ ਵਜੋਂ ਇੱਕ ਡਾਂਸਟੀਚਰ ਹੈ ।
ਜਾਣਕਾਰੀ ਮੁਤਾਬਕ ਅਧਿਆਪਕ ਦੀ ਨੌਕਰੀ ਲਾਕਡਾਊਨ ਦਰਮਿਆਨ ਚਲੀ ਗਈ ਸੀ ਜਿਸ ਤੋਂ ਬਾਅਦ ਇਹ ਨਸ਼ਾ ਤਸਕਰ ਬਣ ਗਿਆ । ਮੁਲਜ਼ਮ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਂਧਰਾ ਪ੍ਰਦੇਸ਼ ਤੋਂ ਦਿੱਲੀ ਤੱਕ ਗਾਂਜੇ ਦੀ ਵੱਡੀ ਖੇਪ ਲੈ ਕੇ ਜਾ ਰਿਹਾ ਸੀ । ਮੁਲਜ਼ਮ ਦੀ ਪਹਿਚਾਣ ਸ਼ਿਵਸ਼ੰਕਰ ਇਸਮਪੱਲੀ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਪੇਸ਼ੇ ਵਜੋਂ ਅਧਿਆਪਕ ਸੀ ਪਰ ਲਾਕਡਾਊਨ ਦਰਮਿਆਨ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਨੇ ਨਸ਼ਾ ਤਸਕਰੀ ਦਾ ਰਾਹ ਚੁਣਿਆ। ਦਸ ਦੇਈਏ ਕਿ ਮੰਗਲਵਾਰ ਨੂੰ ਦੇਸ਼ ਅੰਦਰ 28 ਹਜਾਰ ਤੋ ਵਧੇਰੇ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 17 ਹਜਾਰ ਕੇਸ ਕੇਵਲ ਮਹਾਰਾਸ਼ਟਰ ਵਿੱਚੋਂ ਸਾਹਮਣੇ ਆਏ ਹਨ।