ਚੰਡੀਗੜ੍ਹ: ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਦੇ 20 ਸਾਲਾ ਵਿਦਿਆਰਥੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ।ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੌਰਾਨ ਚਿਤਕਾਰਾ ਯੂਨੀਵਰਸਿਟੀ ਦੇ ਗਰਾਊਂਡ ਅਤੇ ਹੋਰ ਥਾਵਾਂ ‘ਤੇ ਪਾਣੀ ਭਰ ਗਿਆ। ਇਸ ਦੇ ਚਲਦਿਆਂ ਇਕ 20 ਸਾਲਾ ਵਿਦਿਆਰਥੀ ਦੀ ਲਾਸ਼ ਪਾਣੀ ਵਿਚ ਤੈਰਦੀ ਹੋਈ ਮਿਲੀ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਹਰੀਸ਼ ਕੁਮਾਰ ਦਰਪਰੇ ਪੁੱਤਰ ਕਿਸ਼ੋਰ ਕੁਮਾਰ ਦਰਪਰੇ, ਵਾਸੀ ਜਬਲਪੁਰ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੀ ਸ਼ਾਮ ਨੂੰ ਉਹ ਰਾਤ ਸਮੇਂ ਯੂਨੀਵਰਸਿਟੀ ਵਿੱਚ ਆਏ ਪਾਣੀ ਨੂੰ ਵੇਖ ਕੇ ਘਬਰਾ ਗਿਆ ਅਤੇ ਯੂਨੀਵਰਸਿਟੀ ਦੇ ਗਰਾਊਂਡ ਵਿੱਚ ਡਿੱਗ ਗਿਆ। ਉਸ ਦੇ ਦੋਸਤਾਂ ਅਨੁਸਾਰ ਜਦੋਂ ਉਹ ਹੋਸਟਲ ’ਚ ਨਾ ਪਰਤਿਆ ਉਨ੍ਹਾਂ ਨੇ ਬਾਹਰ ਦੇਖਿਆ ਤੇ ਉਹ ਗਰਾਊਂਡ ਵਿੱਚ ਭਰੇ ਪਾਣੀ ਵਿੱਚ ਡਿੱਗਿਆ ਪਿਆ ਸੀ। ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ ਹੈ।