ਪਾਕਿਸਤਾਨ ਅਦਾਲਤ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨ-ਤੋੜ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਈ

TeamGlobalPunjab
1 Min Read

ਵਰਲਡ ਡੈਸਕ: ਪਾਕਿਸਤਾਨ ਦੀ ਅਤਿਵਾਦ ਰੋਕੂ ਅਦਾਲਤ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨ-ਤੋੜ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਲਾਹੌਰ ਨੇੜੇ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਜਨਮ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ।
ਇਸ ਗੁਰਦੁਆਰਾ ਸਾਹਿਬ ‘ਚ ਪਿਛਲੇ ਸਾਲ ਜਨਵਰੀ 2020 ‘ਚ ਭੀੜ ਵਲੋਂ ਪਥਰਾਅ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲੀਸ ਨੇ ਹਾਲਾਤ ’ਤੇ ਕਾਬੂ ਪਾ ਲਿਆ ਸੀ।

ਅਦਾਲਤ ਦੇ ਫੈਸਲੇ ਬਾਰੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ ਦੋ ਸਾਲ ਦੀ ਸਜ਼ਾ ਤੇ 10 ਹਜ਼ਾਰ ਪਾਕਿਸਤਾਨੀ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਦੋ ਹੋਰ ਦੋਸ਼ੀਆਂ ਮੁਹੰਮਦ ਸਲਮਾਨ ਤੇ ਮੁਹੰਮਦ ਅਹਿਮਦ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਚਾਰ ਜਣਿਆਂ ਨੂੰ ਬਰੀ ਵੀ ਕਰ ਦਿੱਤਾ ਹੈ।

ਦੱਸ ਦਈਏ ਇਮਰਾਨ ਚਿਸ਼ਤੀ ਇਕ ਸਰਕਾਰੀ ਕਰਮਚਾਰੀ ਹੈ ਤੇ ਉਹ ਮੁਹੰਮਦ ਹਸਨ ਦਾ ਵੱਡਾ ਭਰਾ ਹੈ। ਹਸਨ ਨੇ ਕਥਿਤ ਤੌਰ ‘ਤੇ ਗੁਰਦੁਆਰਾ ਗ੍ਰੰਥੀ ਜਗਜੀਤ ਕੌਰ ਦੀ ਧੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਸਤੰਬਰ 2019 ‘ਚ ਉਸ ਨੂੰ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਨਨਕਾਣਾ ਸਾਹਿਬ ਵਿਖੇ ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਹੋਏ।

Share this Article
Leave a comment