ਵਰਲਡ ਡੈਸਕ: ਨਿਊਯਾਰਕ ‘ਚ ਬੀਤੇ ਸੋਮਵਾਰ ਨੂੰ ਵੀ ਕੋਵਿਡ-19 ਦੇ ਨਵੇਂ ਰੂਪ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ਦੇ ਗਵਰਨਰ ਨੇ ਇੱਕ ਕਾਨਫਰੰਸ ਕਾਲ ਰਾਹੀਂ ਕੋਰੋਨਾ ਵਾਇਰਸ ਦੇ ਇਸ ਨਵੇਂ ਮਾਮਲੇ ਤੇ ਲੱਛਣਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨੂੰ ਘੱਟੋ ਘੱਟ 70 ਪ੍ਰਤੀਸ਼ਤ ਵਧੇਰੇ ਲਗਾ ਵਾਲਾ ਮੰਨਿਆ ਜਾਂਦਾ ਹੈ।
ਗਵਰਨਰ ਐਂਡਰਿਊ ਕੁਓਮੋ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰਤੋਗਾ ਕਾਉਂਟੀ ਦੇ ਇਸ ਪੀੜਤ ਵਿਅਕਤੀ ਨੇ ਹਾਲ ਹੀ ‘ਚ ਕੋਈ ਯਾਤਰਾ ਨਹੀਂ ਕੀਤੀ ਹੈ, ਜਦਕਿ ਇਹ ਆਦਮੀ ਸਾਰਤੋਗਾ ਸਪ੍ਰਿੰਗਜ਼ ‘ਚ ਇੱਕ ਗਹਿਣਿਆਂ ਦੀ ਦੁਕਾਨ ਨਾਲ ਜੁੜਿਆ ਹੋਇਆ ਹੈ। ਗਵਰਨਰ ਨੇ ਇਸ ਜਵੈਲਰਜ਼ ਨਾਲ ਸੰਪਰਕ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਤੁਰੰਤ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
ਨਿਊਯਾਰਕ ‘ਚ ਇਹ ਨਵੇਂ ਵਾਇਰਸ ਦਾ ਪਹਿਲਾ ਮਾਮਲਾ ਹੈ ਜਦਕਿ ਘੱਟੋ ਘੱਟ ਤਿੰਨ ਹੋਰ ਰਾਜਾਂ ਨੇ ਹਾਲ ਹੀ ‘ਚ ਨਵੇਂ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ ਜਿਹਨਾਂ ‘ਚੋਂ ਕੋਲੋਰਾਡੋ, ਕੈਲੀਫੋਰਨੀਆ ਤੇ ਫਲੋਰਿਡਾ ਆਦਿ ਸ਼ਾਮਲ ਹਨ। ਇਸ ਨਵੇਂ ਰੂਪ ਦੀ ਪਛਾਣ ਕਰਨ ਲਈ ਵਿਅਕਤੀਗਤ ਨਮੂਨਿਆਂ ਦੀ ਪੂਰੀ ਤਰ੍ਹਾਂ ਜੈਨੇਟਿਕ ਸੀਰੀਜ਼ ਦੀ ਲੋੜ ਹੁੰਦੀ ਹੈ ਤੇ ਕੁਓਮੋ ਨੇ ਪਹਿਲਾਂ ਹੀ ਰਾਜ ਭਰ ਦੇ ਹਸਪਤਾਲਾਂ ਨੂੰ ਇਸ ਦੀ ਜਾਂਚ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਸੰਬੰਧੀ ਬੁੱਧਵਾਰ ਤੱਕ, ਸਟੇਟ ਤੇ ਪ੍ਰਾਈਵੇਟ ਲੈਬਜ਼ ਨੇ 4,300 ਤੋਂ ਵੱਧ ਨਮੂਨਿਆਂ ਦੀ ਜੈਨੇਟਿਕ ਲੜੀਵਾਰ ਆਧਾਰ ‘ਤੇ ਜਾਂਚ ਕੀਤੀ ਹੈ।