ਨਿਊਜ਼ ਡੈਸਕ: ਮਨੀਪੁਰ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਚੱਲ ਰਿਹਾ ਹੈ। ਗੁੱਸੇ ਵਿੱਚ ਭੜਕੀ ਭੀੜ ਨੇ ਕਈ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਭੰਨਤੋੜ ਵੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੇ ਦੋ ਵਾਹਨਾਂ ਨੂੰ ਅੱਗ ਲਗਾ ਦਿੱਤੀ। ਬੀਤੇ ਮਹੀਨੇ ਜੁਲਾਈ ਵਿੱਚ ਲਾਪਤਾ ਹੋਏ ਇੱਕ ਲੜਕਾ ਅਤੇ ਲੜਕੀ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਦੀ ਰਾਜਧਾਨੀ ਵਿੱਚ ਵਿਦਿਆਰਥੀਆਂ ਵੱਲੋਂ ਹਿੰਸਾ ਸ਼ੁਰੂ ਕੀਤੀ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਉਰੀਪੋਕ, ਯਾਸਕੁਲ, ਸਗੋਲਬੰਦ ਅਤੇ ਟੇਰਾ ਖੇਤਰਾਂ ‘ਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਨਾਲ ਵੀ ਝੜਪ ਕੀਤੀ। ਜਿਸ ਕਾਰਨ ਸੁਰੱਖਿਆ ਬਲਾਂ ਨੂੰ ਸਥਿਤੀ ‘ਤੇ ਕਾਬੂ ਪਾਉਣ ਲਈ ਕਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਉੱਚ ਅਧਿਕਾਰੀਆਂ ਦੀ ਰਿਹਾਇਸ਼ ‘ਚ ਦਾਖਲ ਹੋਣ ਲਈ ਟਾਇਰ ਸਾੜ ਕੇ ਸੜਕਾਂ ਉੱਤੇ ਜਾਮ ਲਗਾ ਦਿੱਤਾ। ਇਸ ਦੌਰਾਨ ਹੀ ਉਨ੍ਹਾਂ ਨੇ ਡੀ.ਸੀ. ਦੇ ਦਫ਼ਤਰ ਦੀ ਭੰਨਤੋੜ ਕੀਤੀ ਅਤੇ ਵਾਹਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ। ਇਸ ਸਥਿਤੀ ਉੱਤੇ ਕਾਬੂ ਪਾਉਣ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਿੰਸਾ ਉੱਤੇ ਕਾਬੂ ਪਾਉਣ ਲਈ ਮਨੀਪੁਰ ਦੇ ਜ਼ਿਲ੍ਹਿਆਂ ਵਿੱਚ ਕਰਫਿਊ ਲਗਾਉਣਾ ਪਿਆ। ਮੰਗਲਵਾਰ ਤੋਂ ਸ਼ੁਰੂ ਹੋਈ ਇਸ ਹਿੰਸਾ ਦਰਮਿਆਨ 65 ਪ੍ਰਦਰਸ਼ਨਕਾਰੀ ਜ਼ਖਮੀ ਹੋ ਚੁੱਕੇ ਹਨ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਥੌਬਲ ਜ਼ਿਲ੍ਹੇ ਦੇ ਖੋਂਗਜਾਮ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਾਹਨ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਕਰਮਚਾਰੀ ਉੱਤੇ ਹਮਲਾ ਕੀਤਾ ਅਤੇ ਉਸ ਦੇ ਹਥਿਆਰ ਵੀ ਖੋਹੇ ਗਏ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.
- Advertisement -