ਨਵੀਂ ਦਿੱਲੀ : ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਰੈਪਰ, ਗਾਇਕ ਅਤੇ ਅਦਾਕਾਰ ‘ਯੋ ਯੋ ਹਨੀ ਸਿੰਘ’ ਖ਼ਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਹੋਇਆ ਹੈ।
ਹਨੀ ਸਿੰਘ ਉਰਫ਼ ਹਿਰਦੇਸ਼ ਸਿੰਘ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਇਹ ਕੇਸ ਦਰਜ ਕਰਵਾਇਆ ਹੈ। ਸ਼ਾਲਿਨੀ ਨੇ ‘ਘਰੇਲੂ ਹਿੰਸਾ ਤੋਂ ਮਹਿਲਾ ਸੁਰੱਖਿਆ ਐਕਟ 2005’ ਅਧੀਨ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਆਪਣੇ ਪਤੀ ਹਨੀ ਸਿੰਘ ਖ਼ਿਲਾਫ ਪਟੀਸ਼ਨ ਦਾਇਰ ਕੀਤੀ ਹੈ।
ਤੀਸ ਹਜ਼ਾਰੀ ਕੋਰਟ ਦੀ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਸਾਹਮਣੇ ਮੰਗਲਵਾਰ (3 ਅਗਸਤ) ਨੂੰ ਮਾਮਲਾ ਦਰਜ ਕਰਵਾਇਆ ਗਿਆ।
ਸ਼ਾਲਿਨੀ ਤਲਵਾੜ ਵੱਲੋਂ ਕੇਸ ਦਰਜ ਕਰਵਾਉਣ ਤੋਂ ਬਾਅਦ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨੀਆ ਸਿੰਘ ਵੱਲੋਂ ਹਨੀ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਹਨੀ ਸਿੰਘ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ’ਚ ਉਨ੍ਹਾਂ ਦਾ ਜਵਾਬ ਤਲਬ ਕੀਤਾ ਗਿਆ ਹੈ। ਹਨੀ ਸਿੰਘ ਨੂੰ ਅਦਾਲਤ ਨੇ 28 ਅਗਸਤ ਤਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਨੀ ਸਿੰਘ ਅਤੇ ਸ਼ਾਲਿਨੀ ਦਾ ਵਿਆਹ ਕਰੀਬ 10 ਸਾਲ ਪਹਿਲਾਂ ਸਾਲ 2011 ਵਿੱਚ ਦਿੱਲੀ ਵਿਖੇ ਹੋਇਆ ਸੀ। ਦੋਹਾਂ ਦੇ ਵਿਆਹ ਦਾ ਆਮ ਲੋਕਾਂ ਨੂੰ 2014 ਵਿੱਚ ਪਤਾ ਲੱਗਾ, ਇਸ ਤੋਂ ਪਹਿਲਾਂ ਹਨੀ ਸਿੰਘ ਆਪਣੇ ਵਿਆਹ ਦੀਆਂ ਖਬਰਾਂ ਨੂੰ ਨਕਾਰਦੇ ਰਹੇ ਸਨ।