15 ਦਿਨਾਂ ਬਾਅਦ ਖੁੱਲ੍ਹੇਗਾ ਪੂਰਾ ਦੇਸ਼, ਕੇਂਦਰ ਸਰਕਾਰ ਨੇ ਦਿਸ਼ਾ ਨਿਰਦੇਸ਼ ਕੀਤੇ ਜਾਰੀ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਨਲੌਕ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿਸ ਤਹਿਤ ਕੌਮਾਂਤਰੀ ਉਡਾਣਾਂ ਅਤੇ ਕੰਟੋਨਮੈਂਟ ਜ਼ੋਨ ਛੱਡ ਕੇ ਪੂਰੇ ਦੇਸ਼ ਵਿੱਚ ਸਾਰੀਆਂ ਸਰਗਰਮੀਆਂ ਅਗਲੇ 15 ਦਿਨਾਂ ਵਿੱਚ ਖੁੱਲ੍ਹ ਜਾਣਗੀਆਂ। ਕੇਂਦਰ ਸਰਕਾਰ ਨੇ ਪਿਛਲੀ ਵਾਰ ਦੇ ਮੁਕਾਬਲੇ ਇਸ ਅਨਲੌਕ 5 ਵਿੱਚ ਜ਼ਿਆਦਾ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। 15 ਅਕਤੂਬਰ ਤੋਂ ਸਿਨੇਮਾ ਹਾਲ, ਵਪਾਰ ਮੇਲੇ, ਸਵੀਮਿੰਗ ਪੂਲ ਅਤੇ ਐਂਟਰਟੇਨਮੈਂਟ ਪਾਰਕਾਂ ਨੂੰ ਵੀ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਕੇਂਦਰ ਸਰਕਾਰ ਨੇ ਸਿਨੇਮਾ ਹਾਲ ਖੋਲ੍ਹਣ ਲਈ ਸ਼ਰਤਾਂ ਰੱਖੀਆਂ ਹਨ ਕਿ ਦਰਸ਼ਕਾਂ ਲਈ 50 ਫ਼ੀਸਦੀ ਸੀਟਾਂ ਦਾ ਹੀ ਇਸਤੇਮਾਲ ਕੀਤਾ ਜਾਵੇ। ਇਸ ਸਬੰਧੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਖਰੇ ਤੌਰ ‘ਤੇ ਐਸਓਪੀ ਜਾਰੀ ਕਰੇਗਾ।

ਵਪਾਰ ਮੇਲਿਆਂ ਨੂੰ ਵੀ 15 ਅਕਤੂਬਰ ਤੋਂ ਲਗਾਉਣ ਦੀ ਇਜ਼ਾਜਤ ਹੋਵੇਗੀ, ਪਰ ਇਸ ਵਿਚ ਆਮ ਲੋਕਾਂ ਦੇ ਆਉਣ ਦੀ ਮਨਾਹੀ ਰਹੇਗੀ। ਸਵਿੰਮਿੰਗ ਪੂਲ ਖਿਡਾਰੀਆਂ ਲਈ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਸਨ ਅਤੇ ਹੁਣ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਵੀ ਇੱਥੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

ਵਿੱਦਿਅਕ ਅਦਾਰਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੋਇਆ ਹੈ ਕਿ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਖੋਲ੍ਹੇ ਤਾਂ ਜਾਣਗੇ ਪਰ ਆਨਲਾਈਨ ਪੜ੍ਹਾਈ ਬੰਦ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲ ਜਾਣ ਜਾਂ ਆਨਲਾਈਨ ਕਲਾਸ ਵਿੱਚ ਹਿੱਸਾ ਲੈਣ ਦੀ ਛੋਟ ਹੋਵੇਗੀ। ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ‘ਤੇ ਸਕੂਲ ਆਉਣ ਲਈ ਦਬਾਅ ਨਹੀਂ ਬਣਾਇਆ ਜਾਵੇਗਾ। ਸਕੂਲ ਜਾਣ ਲਈ ਵਿਦਿਆਰਥੀਆਂ ਨੂੰ ਮਾਪਿਆਂ ਦੀ ਲਿਖਤ ਸਹਿਮਤੀ ਜ਼ਰੂਰ ਲੈਣੀ ਪਵੇਗੀ।

ਕੇਂਦਰ ਸਰਕਾਰ ਇਸ ਤੋਂ ਪਹਿਲਾਂ ਸਮਾਜਿਕ, ਧਾਰਮਿਕ, ਮਨੋਰੰਜਨ, ਸਿਆਸੀ, ਸੱਭਿਆਚਾਰ ਸਮਾਗਮਾਂ ਲਈ ਪਹਿਲਾਂ ਤੋਂ ਹੀ ਢਿੱਲ ਦੇ ਚੁੱਕਿਆ ਹੈ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਇਨ੍ਹਾਂ ਸਾਰੇ ਸਮਾਗਮਾਂ ਵਿੱਚ 100 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਇਸ ਦੀ ਗਿਣਤੀ ਵਧਾ ਕੇ 200 ਕਰ ਦਿੱਤੀ ਗਈ ਹੈ।

Share This Article
Leave a Comment