ਪਾਕਿਸਤਾਨ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ‘ਚ ਸ਼ੁਰੂ ਹੋਇਆ ਨਗਰ ਕੀਰਤਨ ਅੰਤਰਰਾਸ਼ਟਰੀ ਸਰਹੱਦ ਡੇਰਾ ਬਾਬਾ ਨਾਨਕ ਨੇੜੇ ਪਹੁੰਚਿਆ।
ਦੇਸ਼ ਦੀ ਵੰਡ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਅੰਤਰਰਾਸ਼ਟਰੀ ਸਰਹੱਦ ਨੇੜੇ ਪਹੁੰਚਿਆ। ਇਸ ਦੌਰਾਨ ਸਾਢੇ ਚਾਰ ਕਿਲੋਮੀਟਰ ਲੰਬੀ ਇਸ ਯਾਤਰਾ ‘ਚ ਸੰਗਤਾਂ ਨੇ ਸ਼ਬਦ ਕੀਰਤਨ ਗਾਏ ਅਤੇ ਵਾਹਿਗੁਰੂ ਦਾ ਨਾਮ ਜਪਿਆ।
ਡੇਰਾ ਬਾਬਾ ਨਾਨਕ ਨੇੜੇ ਅੰਤਰਰਾਸ਼ਟਰੀ ਸਰਹੱਦ ਕੋਲ ਪਹੁੰਚ ਕੇ ਸਿੱਖ ਸੰਗਤ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕੀਤੀ।
ਪੰਜ ਪਿਆਰੇ ਨਿਸ਼ਾਨ ਸਾਹਿਬ ਹੱਥ ‘ਚ ਫੜ ਕੇ ਇੱਕ ਖੁੱਲ੍ਹੀ ਗੱਡੀ ‘ਚ ਸਵਾਰ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵੱਡੀ ਬੱਸ ਵਿੱਚ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸਨ। ਪਾਲਕੀ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਸੀ। ਪਾਲਕੀ ਸਾਹਿਬ ਦੇ ਪਿੱਛੇ ਲਗਭਗ 12 ਗੱਡੀਆਂ ਚੱਲ ਰਹੀਆਂ ਸਨ।