ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਦੇਸ਼ ‘ਚ ਕੋਰੋਨਾ ਦੇ ਕੇਸ 52 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 96,424 ਮਾਮਲੇ ਦਰਜ ਕੀਤੇ ਗਏ ਹਨ ਅਤੇ 1174 ਲੋਕਾਂ ਨੇ ਵਾਇਰਸ ਨਾਲ ਦਮ ਤੋੜ ਦਿੱਤਾ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 96,424 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਹੀ 1174 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਿਸ ਨਾਲ ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 84,372 ਤੱਕ ਪਹੁੰਚ ਗਈ ਹੈ । ਨਵੇਂ ਮਾਮਲਿਆਂ ਨਾਲ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਵਧ ਕੇ 52,14,678 ਹੋ ਗਿਆ ਹੈ। ਜਿਨ੍ਹਾਂ ਵਿੱਚੋਂ 10,17,754 ਵਿਅਕਤੀ ਇਲਾਜ ਅਧੀਨ ਹਨ ਅਤੇ 41,12,552 ਵਿਅਕਤੀ ਇਲਾਜ ਤੋਂ ਬਾਅਦ ਇਸ ਬਿਮਾਰੀ ਤੋਂ ਠੀਕ ਹੋ ਗਏ ਹਨ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਦੁਆਰਾ ਜਾਰੀ ਅੰਕੜਿਆਂ ਅਨੁਸਾਰ, 17 ਸਤੰਬਰ ਤੱਕ ਦੇਸ਼ ਭਰ ਵਿਚ ਕੁੱਲ 6,15,72,343 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 10,06,615 ਨਮੂਨਿਆਂ ਦਾ ਵੀਰਵਾਰ ਨੂੰ ਇਕੋ ਦਿਨ ਟੈਸਟ ਕੀਤਾ ਗਿਆ।